ਪੰਜਾਬ 'ਚ ਲਗਾਤਾਰ ਮੀਂਹ ਨਾਲ ਆਲੂਆਂ ਦੀਆਂ ਫਸਲਾਂ ਦਾ ਹੋਇਆ ਭਾਰੀ ਨੁਕਸਾਨ
ਪੰਜਾਬ ਅਤੇ ਹਰਿਆਣਾ ਵਿੱਚ ਪਿਛਲੇ ਚਾਰ ਦਿਨਾਂ ਤੋਂ ਮੌਸਮ ਖ਼ਰਾਬ ਚੱਲ ਰਿਹਾ ਹੈ। ਲਗਾਤਾਰ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਪਹਾੜਾਂ ‘ਤੇ ਬਰਫ਼ਬਾਰੀ ਕਾਰਨ ਮੈਦਾਨੀ ਖੇਤਰ ਸੀਤ ਲਹਿਰ ਦੀ ਲਪੇਟ ‘ਚ ਹਨ। ਲਗਾਤਾਰ ਮੀਂਹ ਕਾਰਨ ਆਲੂ ਅਤੇ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ।
ਜਿੱਥੇ ਖੇਤ ਨੀਵੇਂ ਹਨ, ਉੱਥੇ ਫ਼ਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੀ ਹੋਈ ਹੈ। ਕਿਸਾਨ ਜੇ.ਸੀ.ਬੀ ਮਸ਼ੀਨਾਂ ਬੁਲਾ ਕੇ ਕਿਸੇ ਤਰ੍ਹਾਂ ਖੇਤਾਂ ਵਿੱਚੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਫਸਲ ਕਣਕ, ਸਰੋਂ ਤੇ ਸਬਜ਼ੀਆਂ ਦਾ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਪੰਜਾਬ ਸਣੇ ਉੱਤਰੀ ਭਾਰਤ ਵਿੱਚ ਭਾਰੀ ਮੀਂਹ ਮਗਰੋਂ ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਠੰਢ ਵੱਧ ਗਈ। ਮੌਸਮ ਵਿਭਾਗ ਨੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਦਾ ਕਾਰਨ ਪੱਛਮੀ ਗੜਬੜੀ ਕਾਰਨ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਨਮ ਹਵਾਵਾਂ ਨੂੰ ਦੱਸਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਰਹੇਗਾ ਪਰ ਸੰਘਣੀ ਧੁੰਦ ਤੇ ਠੰਢੀਆਂ ਹਵਾਵਾਂ ਕਰਕੇ ਠੰਢ ਵੱਧ ਸਕਦੀ ਹੈ।