ਨਾਗਰਿਕਤਾ ਸੋਧ ਕਾਨੂੰਨ 'ਤੇ ਪ੍ਰਦਰਸ਼ਨ, ਦਿੱਲੀ 'ਚ ਕਈ ਮੈਟਰੋ ਸਟੇਸ਼ਨ ਬੰਦ
ਦਿੱਲੀ:- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਿਰੁੱਧ ਦਿੱਲੀ 'ਚ ਹੋ ਰਹੇ ਪ੍ਰਦਰਸ਼ਨ ਕਾਰਨ ਅੱਜ ਭਾਵ ਵੀਰਵਾਰ ਨੂੰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਜਾਮੀਆ ਮਿਲੀਆ, ਜਸੋਲਾ ਵਿਹਾਰ ਸ਼ਾਹੀਨ ਬਾਗ ਅਤੇ ਮੁਨਿਰਕਾ ਸਟੇਸ਼ਨ 'ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲਾਲ ਕਿਲਾ, ਜਾਮਾ ਮਸਜਿਦ, ਚਾਂਦਨੀ ਚੌਕ ਅਤੇ ਯੂਨੀਵਰਸਿਟੀ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਸਟੇਸ਼ਨਾਂ 'ਤੇ ਟਰੇਨਾਂ ਨਹੀਂ ਰੁੱਕਣਗੀਆਂ। ਮੈਟਰੋ ਪ੍ਰਬੰਧਨ ਮੁਤਾਬਕ ਇਨ੍ਹਾਂ ਸਾਰੇ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਰਹਿਣਗੇ ਅਤੇ ਆਵਾਜਾਈ ਬੰਦ ਰਹੇਗੀ।ਲਾਲ ਕਿਲੇ ਦੇ ਨੇੜੇ ਧਾਰਾ-144 ਲਾਗੂ ਕਰ ਦਿੱਤੀ ਗਈ ਹੈ। ਇਸ ਦੌਰਾਨ 4 ਤੋਂ ਵਧ ਲੋਕ ਇਕੱਠੇ ਬਾਹਰ ਨਹੀਂ ਰਹਿ ਸਕਦੇ। ਅਜਿਹੇ ਵਿਚ ਇੱਥੇ ਮਾਰਚ ਅਤੇ ਪ੍ਰਦਰਸ਼ਨ ਦੀ ਆਗਿਆ ਨਹੀਂ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਖੱਬੇ ਪੱਖੀ ਪਾਰਟੀਆਂ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਦੇਸ਼ ਦੇ ਕਈ ਹਿੱਸਿਆਂ 'ਚ ਧਾਰਾ 144 ਲਾਈ ਗਈ ਹੈ। ਉੱਤਰ ਪ੍ਰਦੇਸ਼, ਕਰਨਾਟਕ ਦੇ ਕਈ ਹਿੱਸਿਆਂ ਵਿਚ ਵੱਡੇ ਪ੍ਰਦਰਸ਼ਨ ਦੀ ਸੰਭਾਵਨਾ ਹੈ।