ਕੌਮਾਂਤਰੀ ਟਾਈਗਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ਖ਼ਬਰੀ
ਨਵੀਂ ਦਿੱਲੀ— ਕੌਮਾਂਤਰੀ ਟਾਈਗਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਸ਼ਖ਼ਬਰੀ ਦਿੱਤੀ ਕਿ ਦੇਸ਼ 'ਚ ਟਾਈਗਰਾਂ ਦੀ ਗਿਣਤੀ ਵਧ ਕੇ 2967 ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੇ ਟਾਈਗਰਾਂ ਦੀ ਗਿਣਤੀ ਨੂੰ ਦੁੱਗਣਾ ਕਰਨ ਦਾ ਟੀਚਾ 4 ਸਾਲ ਪਹਿਲਾਂ ਹਾਸਿਲ ਕਰ ਲਿਆ ਹੈ। ਪ੍ਰਧਾਨ ਮੰਤਰੀ ਅਖਿਲ ਭਾਰਤੀ ਟਾਈਗਰ ਅਨੁਮਾਨ ਰਿਪੋਰਟ 2018 ਜਾਰੀ ਕਰਦੇ ਹੋਏ ਕਿਹਾ ਕਿ ਕਰੀਬ 3000 ਟਾਈਗਰਾਂ ਨਾਲ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਅਤੇ ਸੁਰੱਖਿਅਤ ਟਿਕਾਣਾ ਹੈ। ਸਤਯਮੰਗਲਮ ਟਾਈਗਰ ਰਿਜ਼ਰਵ ਤਾਮਿਲਨਾਡੂ ਨੂੰ ਸਰਵਸ਼੍ਰੇਸ਼ਠ ਟਾਈਗਰ ਰਿਜ਼ਰਵ ਦਾ ਪੁਰਸਕਾਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2014 'ਚ ਟਾਈਗਰਾਂ ਦੀ ਗਿਣਤੀ ਹੋਈ ਸੀ। ਉਦੋਂ ਇਨ੍ਹਾਂ ਦੀ ਕੁੱਲ ਗਿਣਤੀ 2226 ਸੀ, ਜਦੋਂ ਕਿ 2010 'ਚ ਦੇਸ਼ 'ਚ 1706 ਟਾਈਗਰ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਂਟ ਪੀਟਰਸਬਰਗ 'ਚ ਟਾਈਗਰਾਂ ਦੀ ਗਿਣਤੀ 2022 ਤੱਕ ਦੁੱਗਣੀ ਕਰਨ ਦਾ ਟੀਚਾ ਤੈਅ ਕੀਤਾ ਗਿਆ ਸੀ, ਅਸੀਂ 4 ਸਾਲ ਪਹਿਲਾਂ ਹੀ ਇਹ ਟੀਚਾ ਹਾਸਲ ਕਰ ਲਿਆ। ਜਦੋਂ ਭਾਰਤ ਦੇ ਲੋਕ ਕੁਝ ਪਾਉਣ ਦਾ ਟੀਚਾ ਰੱਖਦੇ ਹਨ ਤਾਂ ਉਨ੍ਹਾਂ ਨੂੰ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਹੈ। ਮੋਦੀ ਨੇ ਕਿਹਾ,''ਜਦੋਂ 14-15 ਸਾਲ ਪਹਿਲਾਂ ਇਹ ਖਬਰ ਆਈ ਸੀ ਕਿ ਦੇਸ਼ 'ਚ ਸਿਰਫ 1400 ਟਾਈਗਰ ਬਚੇ ਹਨ ਤਾਂ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਸੀ। ਇਕ ਬਹੁਤ ਮੁਸ਼ਕਲ ਕੰਮ ਸਾਹਮਣੇ ਸੀ ਪਰ ਜਿਸ ਤਰ੍ਹਾਂ ਸੰਵੇਦਨਸ਼ੀਲਤਾ ਅਤੇ ਆਧੁਨਿਕ ਤਕਨੀਕ ਨਾਲ ਇਸ ਮੁਹਿੰਮ ਨੂੰ ਅੱਗੇ ਵਧਾਇਆ ਗਿਆ, ਉਹ ਤਾਰੀਫ਼ ਦੇ ਕਾਬਲ ਹੈ। ਟਾਈਗਰਾਂ ਦੀ ਤਿੰਨ ਚੌਥਾਈ ਗਿਣਤੀ ਦਾ ਬਸੇਰਾ ਅੱਜ ਹਿੰਦੁਸਤਾਨ ਹੈ।''