ਸਰਕਾਰ ਨੇ ਬਜਟ 'ਚ ਦਿੱਤੀ ਕਾਰਪੋਰੇਟਾਂ ਨੂੰ ਵੱਡੀ ਰਾਹਤ, ਟੈਕਸ 'ਚ 5 ਫੀਸਦੀ ਹੋਈ ਕਟੌਤੀ

ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਾਰਪੋਰੇਟ ਟੈਕਸ 400 ਕਰੋੜ ਰੁਪਏ ਤਕ ਦੇ ਟਰਨਓਵਰ ਵਾਲੀਆਂ ਕੰਪਨੀਆਂ ਲਈ ਘਟਾ ਕੇ 25 ਫੀਸਦੀ ਕਰ ਦਿੱਤਾ ਹੈ, ਜੋ ਹੁਣ ਤਕ 30 ਫੀਸਦੀ ਸੀ।  ਇਸ ਨਾਲ ਉਨ੍ਹਾਂ ਕੰਪਨੀਆਂ ਨੂੰ ਫਾਇਦਾ ਹੋਵੇਗਾ, ਜਿਨ੍ਹਾਂ ਦਾ ਸਾਲਾਨਾ ਕਾਰੋਬਾਰ 400 ਕਰੋੜ ਰੁਪਏ ਤਕ ਹੈ। ਬਜਟ 2015 'ਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਰਪੋਰੇਟ ਟੈਕਸ ਦੀ ਦਰ ਨੂੰ ਹੌਲੀ-ਹੌਲੀ 25 ਫੀਸਦੀ ਤਕ ਘਟਾਉਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਨਵੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੂਰਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ 'ਚ ਜਿਨ੍ਹਾਂ ਕੰਪਨੀਆਂ ਦੀ ਵਿਕਰੀ 250 ਕਰੋੜ ਰੁਪਏ ਤਕ ਹੈ ਉਨ੍ਹਾਂ ਲਈ ਕਾਰਪੋਰੇਟ ਟੈਕਸ ਦਰ 25 ਫੀਸਦੀ ਹੈ, ਕਿਸੇ ਨਵੀਂ ਮੈਨੂਫੈਕਚਰਿੰਗ ਕੰਪਨੀ ਲਈ ਵੀ ਇਹੀ ਦਰ ਹੈ। ਉੱਥੇ ਹੀ, ਜਿਨ੍ਹਾਂ ਦੀ ਵਿਕਰੀ 250 ਕਰੋੜ ਰੁਪਏ ਤੋਂ ਉੱਪਰ ਹੈ ਉਨ੍ਹਾਂ ਲਈ ਟੈਕਸ ਦਰ 30 ਫੀਸਦੀ ਸੀ। ਵਿਦੇਸ਼ੀ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀ ਦਰ 40 ਫੀਸਦੀ ਹੈ। ਇਸ ਬਜਟ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ, ਇਸ ਨਾਲ ਦੇਸ਼ ਖ਼ੁਸ਼ਹਾਲ ਹੋਵੇਗਾ। ਅਤੇ ਇਸ ਬਜਟ 'ਚ ਸਿੱਖਿਆ, ਔਰਤਾਂ ਅਤੇ ਗਰੀਬਾਂ 'ਤੇ ਧਿਆਨ ਦਿੱਤਾ ਗਿਆ ਹੈ। ਇਹ ਬਜਟ 'ਨਿਊ ਇੰਡੀਆ' ਦੇ ਵਿਕਾਸ ਦਾ ਬਜਟ ਹੈ।