ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਵਾਜਿਦ ਖਾਨ ਦਾ ਦੇਹਾਂਤ
,
ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਵਾਜਿਦ ਖਾਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਨਾਲ ਬਾਲੀਵੁੱਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਵਾਜਿਦ ਦੀ ਮੌਤ ਦਾ ਕਾਰਨ ਕਿਡਨੀ ਦੀ ਸਮੱਸਿਆ ਦੱਸੀ ਜਾ ਰਹੀ ਹੈ। ਬੀਤੇ ਦਿਨੀਂ ਕਿਡਨੀ ਦੇ ਇਲਾਜ ਦੌਰਾਨ ਸੰਗੀਤਕਾਰ ਵਾਜਿਦ ਦੀ ਕੋਰੋਨਾ ਜਾਂਚ ਕਰਵਾਈ ਗਈ ਸੀ। ਜਿਸ ‘ਚ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਵਾਜਿਦ ਪਿਛਲੇ ਇੱਕ ਹਫਤੇ ਤੋਂ ਕੋਰੋਨਾ ਦੀ ਲਪੇਟ ‘ਚ ਸਨ।
ਦੋਵੇਂ ਭਰਾਵਾਂ ਦੀ ਜੋੜੀ ਬਾਲੀਵੁੱਡ ‘ਚ ਵਾਜਿਦ-ਸਾਜਿਦ ਦੇ ਨਾਮ ਨਾਲ ਜਾਣੀ ਜਾਂਦੀ ਸੀ। ਵਾਜਿਦ ਨੇ ਆਪਣੇ ਭਰਾ ਸਾਜਿਦ ਨਾਲ ਮਿਲ ਕੇ ਕਈ ਹਿੱਟ ਫਿਲਮਾਂ ‘ਚ ਸੰਗੀਤ ਦਿੱਤਾ ਹੈ। ਵਾਜਿਦ ਦੀ ਮੌਤ ਤੋਂ ਬਾਅਦ ਦੋ ਮਹਾਰਥੀ ਸੰਗੀਤਕਾਰਾਂ ਦੀ ਜੋੜੀ ਟੁੱਟ ਗਈ ਹੈ।
ਸਾਜਿਦ-ਵਾਜਿਦ ਨੇ ਸਭ ਤੋਂ ਪਹਿਲਾਂ 1998 ‘ਚ ਸਲਮਾਨ ਖਾਨ ਦੀ ਫਿਲਮ ‘ਪਿਆਰ ਕੀਆ ਤੋ ਡਰਨਾ ਕਿਆ’ ‘ਚ ਸੰਗੀਤ ਦਿੱਤਾ ਸੀ। 1999 ਵਿਚ ਉਨ੍ਹਾਂ ਨੇ ਸੋਨੂੰ ਨਿਗਮ ਦੀ ਐਲਬਮ ‘ਦੀਵਾਨਾ’ ‘ਚ ਸੰਗੀਤ ਦਿੱਤਾ। ਇਸ ਤੋਂ ਇਲਾਵਾ ਸਾਜਿਦ-ਵਾਜਿਦ ਦੀ ਜੋੜੀ ਨੇ ਫਿਲਮ ਹੈਲੋ ਬ੍ਰਦਰ ਦੇ ਲਈ ਸੰਗੀਤ ਨਿਰਦੇਸ਼ਕਾਂ ਵਜੋਂ ਕੰਮ ਕੀਤਾ। ਇਸ ਤੋਂ ਇਲਾਵਾ ਦੋਵਾਂ ਭਰਾਵਾਂ ਦੀ ਜੋੜੀ ਨੇ ਹੋਰ ਵੀ ਬਹੁਤ ਸਾਰੀਆਂ ਹਿੱਟ ਫਿਲਮਾਂ ‘ਚ ਸੰਗੀਤ ਦਿੱਤਾ।
ਸਾਜਿਦ-ਵਾਜਿਦ ਨੇ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ ਸਿੰਗਿੰਗ ਸੁਪਰਸਟਾਰ’, ‘ਸਾ ਰੇ ਗਾ ਮਾ ਪਾ 2012’, ‘ਬਿੱਗ ਬੌਸ ਸੀਜ਼ਨ ਫੋਰ’ ਅਤੇ ‘ਬਿੱਗ ਬੌਸ ਸਿਕਸ’ ਦਾ ਟਾਈਟਲ ਟਰੈਕ ਵੀ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਈਪੀਐਲ ਦੇ ਚੌਥੇ ਸੀਜ਼ਨ ਦੇ ਥੀਮ ਸੌਗ ‘ਧੂਮ ਧੂਮ ਧੂਮ ਧੜਕਾ’ ਦਾ ਟਰੈਕ ਵੀ ਤਿਆਰ ਕੀਤਾ ਸੀ ਜਿਸ ਨੂੰ ਵਾਜਿਦ ਖਾਨ ਨੇ ਖੁਦ ਗਾਇਆ ਸੀ।