ਹਿਮਾਚਲ-ਉਤਰਾਖੰਡ, ਪੰਜਾਬ ਸਮੇਤ ਕਈ ਇਲਾਕਿਆਂ 'ਚ ਭਾਰੀ ਬਾਰਿਸ਼

ਬੀਤੇ ਦਿਨ ਭਾਰੀ ਬਾਰਿਸ਼ ਨੇ ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਹੜਕੰਪ ਮਚਾਇਆ। ਪੰਜਾਬ ਅਤੇ ਹਿਮਾਚਲ 'ਚ ਭਾਰੀ ਬਾਰਿਸ਼ ਕਾਰਨ ਕਈ ਪਿੰਡਾਂ 'ਚ ਹੜ੍ਹ ਦਾ ਪਾਣੀ ਕਹਿਰ ਢਾਹ ਰਿਹਾ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ 'ਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ 22 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਮੌਸਮ 'ਚ ਜੇਕਰ ਤੁਸੀਂ ਹਿਮਾਚਲ ਪ੍ਰਦੇਸ਼ ਜਾਂ ਉੱਤਰਾਖੰਡ ਘੁੰਮਣ ਦੀ ਯੋਜਨਾ ਬਣਾਈ ਹੈ ਤਾਂ ਫਿਲਹਾਲ ਇਸ ਨੂੰ ਰੱਦ ਕਰਨਾ ਹੀ ਠੀਕ ਹੋਵੇਗਾ। ਸਤਲੁਜ ਤੇ ਯਮੁਨਾ 'ਚ ਪਾਣੀ ਦਾ ਪੱਧਰ ਵਧਣ ਕਾਰਨ ਦਿੱਲੀ, ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਕਈ ਦਰਿਆਵਾਂ 'ਚ ਪਾਣੀ ਖਤਰੇ ਦੇ ਨਿਸ਼ਾਨ ਤਕ ਪੁੱਜ ਚੁੱਕਾ ਹੈ । ਪੰਜਾਬ 'ਚ ਫਿਲੌਰ ਕੋਲ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਚੁੱਕਾ ਹੈ। ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ ਹੈ।