District NewsMalout News

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਕੀਤਾ ਜਾ ਰਿਹਾ ਹੈ ਜਾਗਰੂਕ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਦਾ ਪ੍ਰਬੰਧਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਪੱਧਰ ਤੇ ਕਿਸਾਨਾਂ ਨੂੰ ਪਰਾਲੀ ਦਾ ਮਸ਼ੀਨਾਂ ਨਾਲ ਸੁਚੱਜਾ ਪ੍ਰਬੰਧ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਪਰਾਲੀ ਤੋਂ ਬਿਜਲੀ ਪੈਦਾ ਕਰਨ, ਪੇਪਰ ਤਿਆਰ ਕਰਨ ਅਤੇ ਹੋਰ ਵਰਤੋਂ ਲਈ 4 ਬਾਇਓਮਾਸ ਪਲਾਂਟ ਜਿਹਨਾਂ ਵਿੱਚ ਯੂਨੀਵਰਸਲ ਬਾਇਓਮਾਸ ਚੰਨੂੰ, ਮਾਲਵਾ ਪਾਵਰ ਪਲਾਂਟ ਗੁਲਾਬੇਵਾਲਾ, ਸੇਤੀਆ ਇੰਡ: ਲਿਮ: ਰੁਪਾਣਾ ਅਤੇ ਗੁਰੂਸਰ ਐਨੀਮਲ ਫੂਡ ਪਲਾਂਟ ਜੋ ਚੱਲ ਰਹੇ ਹਨ, ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ। ਉਹਨਾਂ ਦੱਸਿਆ ਕਿ ਇਹਨਾਂ ਸਾਰੇ ਪਲਾਂਟਾਂ ਦੀ ਪੂਰੇ ਸੀਜ਼ਨ ਵਿੱਚ ਕੁੱਲ 3,85,000 ਮੀਟਰਕ ਟਨ ਪਰਾਲੀ ਖਪਤ ਕਰਨ ਦੀ ਸਮਰੱਥਾ ਹੈ,

ਜਦ ਕਿ ਇਸ ਸੀਜ਼ਨ ਦੌਰਾਨ ਅਜੇ ਤੱਕ ਇਹਨਾਂ ਪਲਾਟਾਂ ਵਿੱਚ 50 ਪ੍ਰਤੀਸ਼ਤ ਪਰਾਲੀ ਹੀ ਗੱਠਾਂ ਦੇ ਰੂਪ ਵਿੱਚ ਪਹੁੰਚੀ ਹੈ। ਇਸ ਤੋਂ ਇਲਾਵਾ ਨਾਲ ਲਗਦੇ ਜ਼ਿਲ੍ਹਿਆਂ ਵਿੱਚ ਚੱਲ ਰਹੇ ਗੱਦਾਡੋਬ (ਫਾਜ਼ਿਲਕਾ) ਅਤੇ ਸੇਧਾ ਸਿੰਘ ਵਾਲਾ (ਜੈਤੋ) ਪਾਵਰ ਪਲਾਂਟਾਂ ਵੱਲੋਂ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ ਕਾਫ਼ੀ ਪਰਾਲੀ ਖਰੀਦ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਕਿਹਾ ਕਿ ਇਹਨਾਂ ਪਾਵਰ ਪਲਾਂਟਾਂ ਨੂੰ ਸਾਲ ਭਰ ਚੱਲਣ ਲਈ ਅਜੇ ਕਾਫ਼ੀ ਮਾਤਰਾ ਵਿੱਚ ਪਰਾਲੀ ਦੀ ਲੋੜ ਹੈ। ਕਣਕ ਦੀਆਂ ਵੱਖ-ਵੱਖ ਕਿਸਮਾਂ ਦੀ ਬਿਜਾਈ ਪੂਰਾ ਨਵੰਬਰ ਮਹੀਨੇ ਵਿੱਚ ਕੀਤੀ ਜਾ ਸਕਦੀ ਹੈ। ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਕਾਹਲੀ ਵਿਚ ਆ ਕੇ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਵੱਧ ਤੋਂ ਵੱਧ ਬੇਲਰ ਮਸ਼ੀਨਾਂ ਨਾਲ ਗੱਠਾਂ ਬਣਵਾਉਣ। ਇਸ ਤਰ੍ਹਾਂ ਨਾਲ ਪਰਾਲੀ ਦਾ ਪ੍ਰਬੰਧਨ ਵੀ ਹੋ ਜਾਵੇਗਾ ਅਤੇ ਪਾਵਰ ਪਲਾਂਟਾਂ ਦੀ ਸਾਲ ਭਰ ਦੀ ਜ਼ਰੂਰਤ ਵੀ ਪੂਰੀ ਹੋ ਜਾਵੇਗੀ।

Author: Malout Live

Leave a Reply

Your email address will not be published. Required fields are marked *

Back to top button