ਸ਼੍ਰੀ ਮੁਕਤਸਰ ਸ਼ਹਿਰ 'ਚ ਵੱਖ-ਵੱਖ ਜੱਥੇਬੰਦੀਆਂ ਨੇ ਕੱਢਿਆ ਰੋਸ ਮਾਰਚ
ਮਲੋਟ (ਸ਼੍ਰੀ ਮੁਕਤਸਰ ਸਾਹਿਬ): 1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ, ਸਿਆਸੀ ਕਾਰਕੁੰਨਾਂ ਅਤੇ ਹਵਾਲਾਤੀਆਂ ਨੂੰ ਰਿਹਾਅ ਕਰਵਾਉਣ ਲਈ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਡੈਮੋਕ੍ਰੇਟਿਕ ਟੀਚਰ ਫ਼ਰੰਟ ਵੱਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਸ਼੍ਰੀ ਮੁਕਤਸਰ ਵਿਖੇ ਇਕੱਠ ਕਰਨ ਉਪਰੰਤ ਸ਼ਹਿਰ 'ਚ ਰੋਸ ਮਾਰਚ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਝਬੇਲਵਾਲੀ, ਜ਼ਿਲ੍ਹਾ ਆਗੂ ਬਲਵਿੰਦਰ ਥਾਂਦੇਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਸਿੰਘ ਆਜ਼ਾਦ, ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਸੁਖਪ੍ਰੀਤ ਕੌਰ ਨੇ ਕਿਹਾ ਕਿ 38 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਕਤਲੇਆਮ ਦੇ ਪੀੜ੍ਹਿਤਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਦੋਸ਼ੀ ਹਾਲੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ।
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਜੀਤ ਲੰਡੇਰੋਡੇ, ਪੀ.ਐੱਸ.ਯੂ ਦੇ ਨੌਨਿਹਾਲ ਸਿੰਘ ਅਤੇ ਸਭਾ ਦੇ ਹਰਜਿੰਦਰ ਖੋਖਰ ਨੇ ਕਿਹਾ ਕਿ 31 ਅਕਤੂਬਰ ਤੋਂ 4 ਨਵੰਬਰ ਤੱਕ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਸੀ ਅਤੇ ਸਿੱਖਾਂ ਨੂੰ ਘਰਾਂ 'ਚੋਂ ਕੱਢ ਕੇ ਮਾਰਿਆ ਗਿਆ। ਇਸ ਦੌਰਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ 1984 ਦੇ ਕਤਲੇਆਮ ਦੇ ਦੋਸ਼ੀ ਬਾਹਰ ਘੁੰਮ ਰਹੇ ਹਨ, ਜਦਕਿ ਦੂਜੇ ਪਾਸੇ ਸਜਾਵਾਂ ਪੂਰੀਆਂ ਕਰ ਚੱਕੇ ਸਿੱਖ ਕੈਦੀਆਂ, ਸਿਆਸੀ ਕਾਰਕੁਨਾਂ, ਬੁੱਧੀਜੀਵੀਆਂ, ਵਿਦਿਆਰਥੀਆਂ ਆਗੂਆਂ, ਲੇਖਕਾਂ ਨੂੰ ਕੇਂਦਰ ਸਰਕਾਰ ਜੇਲ੍ਹਾਂ 'ਚ ਹੀ ਮਾਰਨਾ ਚਾਹੁੰਦੀ ਹੈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਪ੍ਰੀਤ ਝਬੇਲਵਾਲੀ, ਸਤਵੀਰ ਕੌਰ ਬਾਂਮ, ਨਿਰਮਲ ਗੋਨਿਆਣਾ, ਲੱਖਾ ਵੜਿੰਗ, ਰਣਜੀਤ ਸਿੰਘ ਝਬੇਲਵਾਲੀ, ਅਮਨਦੀਪ ਮੌੜ, ਜਸਪਾਲ ਸਿੰਘ ਚੱਕ ਬਾਜਾ, ਮਿੱਠਾ ਸਿੰਘ ਡੋਹਕ, ਬਲਜੀਤ ਸਿੰਘ ਫ਼ੌਜੀ ਝਬੇਲਵਾਲੀ, ਚਰਨ ਸਿੰਘ ਗੋਨਿਆਣਾ, ਬੀਰਾ ਸਿੰਘ ਥਾਂਦੇਵਾਲਾ, ਨੌਜਵਾਨ ਭਾਰਤ ਸਭਾ ਦੇ ਰਾਜਪ੍ਰੀਤ ਸਿੰਘ ਅਤੇ ਜਗਜੀਤ ਨਾਬਰ ਆਦਿ ਨੇ ਸੰਬੋਧਨ ਕੀਤਾ। Author: Malout Live