ਸਿੱਖਿਆ ਬੋਰਡ ਵੱਲੋਂ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਲਈ ਸ਼ਡਿਊਲ ਜਾਰੀ
ਮਲੋਟ (ਪੰਜਾਬ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਸਤੰਬਰ-2022 ਦੀ ਅਨੁਪੂਰਕ ਪ੍ਰੀਖਿਆ ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ਦੀ ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ। ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਮੀਡੀਆ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਬਾਰ੍ਹਵੀਂ ਸ਼੍ਰੇਣੀ ਸਤੰਬਰ-2022 ਦੀਆਂ ਪ੍ਰੀਖਿਆਵਾਂ (ਸਮੇਤ ਓਪਨ ਸਕੂਲ) ਅਤੇ ਵਾਧੂ ਵਿਸ਼ੇ ਦੀ ਪ੍ਰੀਖਿਆ ਦੇ ਚੁੱਕੇ ਪ੍ਰੀਖਿਆਰਥੀ ਜੇਕਰ ਰੀ-ਚੈਕਿੰਗ/ਰੀ-ਇਵੈਲੂਏਸ਼ਨ
ਕਰਵਾਉਣਾ ਚਾਹੁੰਦੇ ਹੋਣ ਤਾਂ ਉਹ ਇਸ ਮੰਤਵ ਲਈ ਅੱਜ (4 ਨਵੰਬਰ 2022) ਤੋਂ 18 ਨਵੰਬਰ 2022 ਤੱਕ ਆਨਲਾਈਨ ਫ਼ਾਰਮ ਅਤੇ ਫ਼ੀਸ ਭਰ ਸਕਦੇ ਹਨ। ਕੰਟਰੋਲਰ ਪ੍ਰੀਖਿਆਵਾਂ ਜੇ.ਆਰ. ਮਹਿਰੋਕ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਕਿ ਸੰਬੰਧਿਤ ਪ੍ਰੀਖਿਆਰਥੀ ਰੀ-ਚੈਕਿੰਗ ਜਾਂ ਰੀ-ਇਵੈਲੂਏਸ਼ਨ ਲਈ ਆਨਲਾਈਨ ਫ਼ਾਰਮ ਅਤੇ ਫ਼ੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣ ਅਤੇ ਇਸ ਦੀ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਨਾ ਕਰਵਾਈ ਜਾਵੇ। ਰੀ-ਚੈਕਿੰਗ ਅਤੇ ਰੀ-ਇਵੈਲੂਏਸ਼ਨ ਸਬੰਧੀ ਸੰਪੂਰਨ ਜਾਣਕਾਰੀ ਅਤੇ ਹਦਾਇਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉੱਪਲਬਧ ਹਨ। Author: Malout Live