ਖੇਤੀ ਸੈਕਟਰ ਨੂੰ ਕੱਟਵੀਂ ਬਿਜਲੀ ਦੇਣ ਖਿਲਾਫ਼ ਕਿਸਾਨਾਂ ਨੇ ਬੀਤੇ ਦਿਨ ਨੈਸ਼ਨਲ ਹਾਈਵੇ 'ਤੇ ਲਗਾਇਆ ਜਾਮ

ਮਲੋਟ:- ਪਾਵਰਕਾਮ ਦੇ ਲੰਬੀ ਸਬ-ਡਿਵੀਜਨ ਦੇ ਪਿੰਡਾਂ 'ਚ ਖੇਤੀ ਸੈਕਟਰ ਨੂੰ ਖੱਜਲ-ਖੁਆਰੀ ਕੱਟਵੀਂ ਬਿਜਲੀ ਦੇਣ ਖਿਲਾਫ਼ ਕਿਸਾਨਾਂ ਨੇ ਬੀਤੇ ਦਿਨ ਦੇਰ ਸ਼ਾਮ ਡੱਬਵਾਲੀ-ਮਲੋਟ ਨੈਸ਼ਨਲ ਹਾਈਵੇ 'ਤੇ ਜਾਮ ਲਗਾ ਦਿੱਤਾ। ਸਥਾਨਕ ਅਫ਼ਸਰਾਂ ਵੱਲੋਂ ਸੁਣਵਾਈ ਨਾ ਕਰਨ 'ਤੇ ਭਾਕਿਯੂ ਸਿੱਧੂਪੁਰ ਦੇ ਬੈਨਰ ਹੇਠਾਂ ਕਿਸਾਨਾਂ ਨੇ ਸੰਘਰਸ਼ ਉਲੀਕ ਦਿੱਤਾ। ਸੜਕੀ ਜਾਮ ਲਗਾ ਕੇ ਪਾਵਰਕਾਮ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਮੁਤਾਬਿਕ ਕਣਕ ਦੀ ਫ਼ਸਲ ਪਕਾਈ ਦੇ ਅਖੀਰਲੇ ਪਾਣੀਆਂ ਸਮੇਂ ਪਾਵਰਕਾਮ ਵੱਲੋਂ ਦਿਨ ਵਿੱਚ ਘੰਟਾ-ਘੰਟਾ ਕੱਟਵੀਂ ਬਿਜਲੀ ਦੇ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਦਕਿ ਨਿਯਮਾਂ ਮੁਤਾਬਿਕ ਹਰ ਤੀਸਰੇ ਦਿਨ ਖੇਤੀ ਸੈਕਟਰ ਨੂੰ ਦੱਸ ਘੰਟੇ ਬਿਜਲੀ ਦਿੱਤੀ ਜਾਂਦੀ ਹੈ। ਧਰਨਾਕਾਰੀ ਕਿਸਾਨ ਕਾਮਰੇਡ ਸੁਖਪਾਲ ਸਿੰਘ ਦੇ ਇਲਾਵਾ ਭਾਕਿਯੂ (ਸਿੱਧੂਪੁਰ) ਦੇ ਆਗੂ ਹਰਭਗਵਾਨ ਸਿੰਘ ਲੰਬੀ, ਅਵਤਾਰ ਮਿਠੜੀ, ਮਨਿੰਦਰ ਸਿੰਘ ਅਤੇ ਪਰਮਜੀਤ ਲਾਲਬਾਈ ਨੇ ਕਿਹਾ ਕਿ ਪਿੰਡ ਪੰਜਾਵਾ, ਖੁੱਡੀਆਂ, ਭਾਗੂ, ਲੰਬੀ ਅਤੇ ਚੰਨੂ ਵਿਖੇ ਬੇਵਿਉਂਤੇ ਅਤੇ ਅਣ-ਐਲਾਨੇ ਕੱਟਾਂ ਨਾਲ ਕਿਸਾਨਾਂ ਦੀ ਖੇਤੀ ਬਰਬਾਦ ਹੋ ਰਹੀ ਹੈ। ਪਾਵਰਕਾਮ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਪਾਵਰਕਾਮ ਲੰਬੀ ਸਬ-ਡਿਵੀਜਨ ਦੇ ਐਸ.ਡੀ.ਓ ਅਮਨਦੀਪ ਕੰਬੋਜ ਦਾ ਕਹਿਣਾ ਸੀ ਕਿ ਪੰਜਾਬ ਭਰ 'ਚ ਪਾਵਰਕੱਟ ਮੁੱਖ ਦਫ਼ਤਰ ਪਟਿਆਲਾ ਪੱਧਰ 'ਤੇ ਲਗਾਏ ਜਾਂਦੇ ਹਨ। ਇਨ੍ਹਾਂ ਕੱਟਾਂ ਦਾ ਸਬ ਡਿਵੀਜ਼ਨ ਦਾ ਕੋਈ ਲੈਣਾ-ਦੇਣਾ ਨਹੀਂ। ਕਿਸਾਨ ਮੁੱਖ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਬਾਅਦ ਵਿੱਚ ਪਾਵਰਕਾਮ ਜਾਂ ਪ੍ਰਸ਼ਾਸਨ ਵੱਲੋਂ ਗੱਲਬਾਤ ਲਈ ਕੋਈ ਅਧਿਕਾਰੀ ਨਾ ਪੁੱਜਣ ਕਰਕੇ ਕਿਸਾਨਾਂ ਨੇ ਚੇਤਾਵਨੀ ਦੇ ਕੇ ਸੜਕੀ ਜਾਮ ਸਮਾਪਤ ਕਰ ਦਿੱਤਾ।