ਆਪ ਦੇ ਵਿਧਾਇਕ ਨੇ ਮੁਹੱਲਿਆਂ ਵਿੱਚ ਜਾ ਕੇ ਪੱਛੜੇ ਲੋਕਾਂ ਦੀਆਂ ਸੁਣੀਆ ਮੁਸ਼ਕਿਲਾਂ, ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਦਿਵਾਇਆ ਭਰੋਸਾ

ਮਲੋਟ:- ਆਪਣੇ ਨਿਮਰ ਤੇ ਗ਼ਰੀਬਾਂ ਦੇ ਹਮਦਰਦ ਸੁਭਾਅ ਨੂੰ ਬਰਕਰਾਰ ਰੱਖਦਿਆਂ ਅੱਖਾਂ ਦੇ ਮਾਹਿਰ ਡਾਕਟਰ ਅਤੇ ਮਲੋਟ ਤੋਂ ਆਪ ਦੇ ਵਿਧਾਇਕ ਡਾ. ਬਲਜੀਤ ਕੌਰ ਨੇ ਬੀਤੇ ਦਿਨ ਪੱਛੜੇ ਏਰੀਏ ਜੋਗੀ ਮੁਹੱਲਾ, ਬਾਬਾ ਜੀਵਨ ਸਿੰਘ ਨਗਰ ਵਿਖੇ ਬਿਜਲੀ ਦੀਆਂ ਸਮੱਸਿਆਵਾਂ ਤੇ ਹੋਰ ਮੁਸ਼ਕਿਲਾਂ ਨੂੰ ਜਾਣਨ ਤੇ ਉਨ੍ਹਾਂ ਦੇ ਹੱਲ ਲਈ ਦੌਰਾ ਕੀਤਾ। ਡਾ. ਬਲਜੀਤ ਕੌਰ ਨੇ ਧੁੱਪ ਦੀ ਪ੍ਰਵਾਹ ਨਾ ਕਰਦਿਆਂ ਮੁਹੱਲਾ ਵਾਸੀਆਂ ਦੇ ਘਰਾਂ ਵਿੱਚ ਜਾ ਕੇ ਘੰਟਿਆਂ ਬੱਧੀ ਉੱਨਾਂ ਦੀਆਂ ਮੁਸ਼ਕਿਲਾਂ ਪੁੱਛੀਆਂ ਆਰਥਿਕ ਪੱਖੋਂ ਪਛੜੇ ਲੋਕਾਂ ਦੇ ਘਰਾਂ ਵਿੱਚ ਮੀਟਰ ਨਾ ਲੱਗਣ, ਕਈ ਥਾਵਾਂ ਤੇ ਖੰਭੇ ਲੱਗਣ ਅਤੇ ਹੋਰ ਮੁਸ਼ਕਿਲਾਂ ਬਾਰੇ ਲੋਕਾਂ ਨੇ ਵਿਧਾਇਕ ਨੂੰ ਜਾਣੂੰ ਕਰਵਾਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਉਹ ਪਹਿਲਾਂ ਵੀ ਇਸ ਮੁਹੱਲੇ ਵਿਚ ਆ ਕੇ ਗਏ ਹਨ ਤੇ ਅੱਜ ਵੀ ਵੇਖ ਰਹੇ ਹਨ ਕਿ ਇਸ ਬਸਤੀ ਵਿੱਚ ਬਿਜਲੀ ਦੇ ਮੀਟਰ ਨਹੀਂ ਲੱਗੇ, ਮੀਟਰ ਸੜ ਗਏ ਹਨ ਜਾਂ ਹੋਰ ਬਿਜਲੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਿਜਲੀ ਬੋਰਡ ਦੇ ਐਕਸੀਅਨ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਉਹ ਖੁੱਦ ਇਥੇ ਪੁੱਜੇ ਹਨ।

ਉਨ੍ਹਾਂ ਕਿਹਾ ਕਿ ਇਹ ਏਰੀਆ ਅਣਗੌਲਿਆ ਰਿਹਾ ਹੋਣ ਕਰਕੇ ਇੱਥੇ ਮੁੱਢਲੀਆਂ ਲੋੜਾਂ ਪੂਰੀਆਂ ਨਹੀਂ ਹੋ ਸਕੀਆਂ। ਡਾ. ਬਲਜੀਤ ਕੌਰ ਨੇ ਇਹ ਵੀ ਕਿਹਾ ਕਿ ਇਹ ਆਰਥਿਕ ਪੱਖੋਂ ਊਣੇ ਹੋਣ ਕਰਕੇ ਮੀਟਰ ਦੀ ਸਕਿਓਰਟੀ ਨਹੀਂ ਭਰ ਸਕਦੇ ਜਿਸ ਕਰਕੇ ਉਹ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਸਰਕਾਰੀ ਫੀਸ ਭਰ ਕੇ ਇਨ੍ਹਾਂ ਲੋਕਾਂ ਦੇ ਘਰਾਂ ਵਿੱਚ ਮੀਟਰ ਲਵਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੜ੍ਹਾਈ ਦੀ ਘਾਟ ਕਰਕੇ ਇਹ ਲੋਕ ਅਧਿਕਾਰੀਆਂ ਤੱਕ ਪਹੁੰਚ ਹੀ ਨਹੀਂ ਕਰ ਸਕੇ ਤੇ ਹੁਣ ਇਨ੍ਹਾਂ ਨੂੰ ਮੁਹੱਲਿਆਂ ਵਿੱਚ ਸਫਾਈ ਸੀਵਰੇਜ ਕਣਕ ਦੀ ਵੰਡ ਵਰਗੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇਗਾ। ਇਸ ਮੌਕੇ ਬਿਜਲੀ ਵਿਭਾਗ ਦੇ ਐਕਸੀਅਨ ਰਜਿੰਦਰ ਕੁਮਾਰ, ਐੱਸ.ਡੀ.ਓ ਜੋਧਵੀਰ ਸਿੰਘ, ਐੱਸ.ਡੀ.ਓ ਇਕਬਾਲ ਸਿੰਘ, ਜੇ.ਈ ਅਜੈ ਕੁਮਾਰ ਅਤੇ ਇਹਨਾਂ ਤੋ ਇਲਾਵਾ ਆਪ ਆਗੂ ਰਮੇਸ਼ ਅਰਨੀਵਾਲਾ, ਪਰਮਜੀਤ ਸਿੰਘ, ਰਾਜੀਵ ਉੱਪਲ, ਜਗਤੇਜ ਸਿੰਘ ਹਾਜ਼ਿਰ ਸਨ। ਜੇ.ਈ ਗੁਰਮੀਤ ਖੋਖਰ ਨੇ ਇਸ ਬਸਤੀ ਦੀਆਂ ਮੁਸ਼ਕਿਲਾਂ ਤੋਂ ਜਾਣੂੰ ਕਰਵਾਇਆ ਇੰਜਨੀਅਰ ਜਗਤੇਜ ਸਿੰਘ ਤੇ ਪਰਿਵਾਰ ਵੱਲੋਂ ਡਾ. ਬਲਜੀਤ ਕੌਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।