ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਨੌਜਵਾਨਾਂ ਲਈ ਮੁਫ਼ਤ ਸਕਿੱਲ ਕੋਰਸ ਕਰਵਾਏ ਜਾ ਰਹੇ ਹਨ- ਵਧੀਕ ਡਿਪਟੀ ਕਮਿਸ਼ਨਰ (ਜ)
ਮਲੋਟ: ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਵੱਖ-ਵੱਖ ਸਕੀਮਾਂ ਦੁਆਰਾ ਕਿੱਤਾ ਮੁਖੀ ਕੋਰਸ ਮੁਫ਼ਤ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਐੱਲ.ਐਂਡ.ਟੀ, ਸੀ.ਐੱਸ.ਟੀ.ਆਈ ਵੱਲੋਂ ਰਿਹਾਇਸ਼ੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਐੱਲ.ਐਂਡ.ਟੀ, ਸੀ.ਐੱਸ.ਟੀ.ਆਈ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਅਨੁਸਾਰ ਟ੍ਰੇਨਿੰਗ ਉਪਰੰਤ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਨੌਜਵਾਨਾਂ ਦੀ ਸਹਾਇਤਾ ਵੀ ਕੀਤੀ ਜਾਵੇਗੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਕੋਈ ਵੀ ਨੌਜਵਾਨ ਜਿਸਦੀ ਉਮਰ 18 ਤੋਂ 35 ਸਾਲ, ਵਜਨ ਘੱਟੋ-ਘੱਟ 45 ਕਿਲੋ ਅਤੇ ਕੱਦ ਘੱਟੋਂ-ਘੱਟ 155 ਸੈਂਟੀਮੀਟਰ ਹੋਵੇ। ਇਸ ਤੋਂ ਇਲਾਵਾ ਫਾਰਮਵਰਕ, ਸਕੈਫ਼ੋਲਡਿੰਗ, ਇਲੈਕਟਰੀਕਿਲ ਟੈਕਨੀਸ਼ੀਅਨ, ਪਲੰਬਿੰਗ, ਵੈਲਡਿੰਗ ਐਂਡ ਫੈਬ੍ਰਿਕੇਸ਼ਨ ਵਿੱਚ ਆਈ.ਟੀ.ਆਈ ਜਾਂ 12ਵੀਂ ਪਾਸ ਹੈ ਤਾਂ ਉਹ ਇਹਨਾਂ ਕੋਰਸਾਂ ਦੀ ਵਿੱਦਿਅਕ ਯੋਗਤਾ ਦੇ ਨਿਯਮਾਂ ਮੁਤਾਬਿਕ ਟ੍ਰੇਨਿੰਗ ਪ੍ਰਾਪਤ ਕਰਨ ਲਈ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ ਜਾ ਕੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਅਧਿਕਾਰੀਆਂ ਸ਼੍ਰੀ ਬਲਵੰਤ ਸਿੰਘ, ਵਿਜੈ ਸਿੰਘ ਅਤੇ ਸੂਰਜ ਕੁਮਾਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਵਰਦੀਆਂ, ਜੁੱਤੇ, ਰਹਿਣ ਸਹਿਣ ਆਦਿ ਦੀਆਂ ਸਹੂਲਤਾਂ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ । ਉਹਨਾਂ ਦੱਸਿਆ ਕਿ ਇਹ ਟ੍ਰੇਨਿੰਗ ਘੱਟੋਂ-ਘੱਟ 45 ਤੋਂ 90 ਦਿਨਾਂ ਦੀ ਹੋਵੇਗੀ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ 12 ਨਵੰਬਰ ਤੱਕ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀਆਂ ਤੋਂ ਕਿੱਤਾ ਮੁੱਖੀ ਜਾਣਕਾਰੀ ਲੈ ਕੇ ਇਹਨਾਂ ਕੋਰਸਾਂ ਦੇ ਤਹਿਤ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਦੇ ਹਨ। Author: Malout Live