ਐਸ.ਡੀ.ਐਮ ਮਲੋਟ ਵਲੋਂ ਪਰਾਲੀ ਸਾੜਣ ਨੂੰ ਰੋਕਣ ਲਈ ਨਿਰੰਤਰ ਰੱਖੀ ਜਾ ਰਹੀ ਹੈ ਕੜੀ ਨਜ਼ਰ
ਮਲੋਟ:- ਸੁਪਰੀਮ ਕੋਰਟ ਅਤੇ ਗਰੀਨ ਟਿ੍ਰਬਿਊਨਲ ਵਲੋਂ ਜਾਰੀ ਹਦਾਇਤਾਂ ਦੇ ਮੱਦੇ ਨਜ਼ਰ ਪਰਾਲੀ ਅਤੇ ਪਰਾਲੀ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ ਵਰਗੀਆਂ ਘਟਨਾਵਾਂ ਨੂੰ ਵਾਪਰਣ ਤੋਂ ਰੋਕਣ ਲਈ ਮਲੋਟ ਸਬ ਡਵੀਜ਼ਨ ਦੇ ਐਸ.ਡੀ.ਐਮ. ਸ੍ਰੀ ਗੋਪਾਲ ਸਿੰਘ ਵਲੋਂ ਨਿਰੰਤਰ ਕੜੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਮੇਂ ਸਮੇਂ ਤੇ ਸਬ ਡਵੀਜ਼ਨ ਵਿੱਚ ਪੈਦੇ ਪਿੰਡਾਂ ਦੇ ਖੇਤਾਂ ਦਾ ਜਾਇਜਾ ਲਿਆ ਜਾ ਰਿਹਾ ਹੈ ਤਾਂ ਜੋ ਪਰਾਲੀ ਅਤੇ ਪਰਾਲੀ ਦੀ ਰਹਿੰਦ ਖੂੰਦ ਨੂੰ ਸਾੜਨ ਤੋਂ ਰੋਕਿਆ ਜਾ ਸਕੇ ਅਤੇ ਵਾਤਾਵਰਣ ਨੂੰ ਆਮ ਵਰਗਾ ਸਾਫ ਸੁਥਰਾ ਰੱਖਿਆ ਜਾ ਸਕੇ। ਇਸ ਮੌਕੇ ਉਹਨਾਂ ਪਿੰਡ ਸਰਾਵਾ ਬੋਦਲਾ, ਵਿਰਕ ਖੇੜਾ ਦੇ ਪਿੰਡਾਂ ਦਾ ਜਾਇਜਾ ਲਿਆ ਅਤੇ ਪਿੰਡਾਂ ਦੇ ਲੋਕਾਂ ਨੂੰ ਦੱਸਿਆਂ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਸਾੜਣਾਂ ਗੈਰ ਕਾਨੂੰਨੀ ਅਪਰਾਧ ਹੈ ਅਗਰ ਕੋਈ ਵਿਅਕਤੀ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਸਖਤ ਪੁਲਿਸ ਕਾਰਵਾਈ ਤੋਂ ਇਲਾਵਾ ਭਾਰੀ ਜੁਰਮਾਨਾ ਹੋ ਸਕਦਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।