ਜ਼ਿਲਾ ਪੁਲਿਸ ਵੱਲੋਂ ਸਰਕਾਰੀ ਸਕੂਲ ਪਿੰਡ ਤੱਪਾ ਖੇੜਾ ਵਿਖੇ ਸਕੂਲੀ ਬੱਚਿਆਂ ਨੂੰ ਅਤੇ ਪਿੰਡ ਵਾਸੀਆਂ ਨੂੰ ਨਸ਼ੇ ਵਿਰੁੱਧ ਕੀਤਾ ਜਾਗਰੂਕ
ਮਲੋਟ :-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਐੱਸਐੱਸਪੀ ਸ: ਮਨਜੀਤ ਸਿੰਘ ਢੇਸੀ ਵਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਲੰਬੀ ਇੰਸਪੈਕਟਰ ਬਿਕਰਮਜੀਤ ਸਿੰਘ ਵੱਲੋਂ ਸਰਕਾਰੀ ਹਾਈ ਸਕੂਲ ਪਿੰਡ ਤੱਪਾ ਖੇੜਾ ਵਿਖੇ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਟ੍ਰੈਫਿਕ ਨਿਯਮਾਂ ਪਾਲਣਾ ਕਰਨ ਬਾਰੇ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਪਿੰਡ ਤੱਪਾ ਖੇੜਾ ਦੇ ਸਰਪੰਚ ਸਮੇਤ ਸਮੂਹ ਨਗਰ ਨਿਵਾਸੀ ਹਾਜਰ ਸਨ। ਜਿੱਥੇ ਐਸ.ਐਚ.ਓ ਬਿਕਰਮਜੀਤ ਸਿੰਘ ਨੇ ਕਿਹਾ ਕਿ ਮੌਤ ਦਾ ਦੂਜਾ ਨਾਮ ਨਸ਼ੇ ਹਨ। ਸਾਨੂੰ ਕਦੇ ਵੀ ਕਿਸੇ ਵੀ ਤਰਾਂ ਦਾ ਨਸ਼ਾ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਜੇ ਕੋਈ ਤੁਹਾਡੇ ਆਲੇ ਦੁਆਲੇ ਮਾੜੀ ਸੰਗਤ ਹੈ, ਉਸ ਤੋਂ ਦੂਰ ਰਹਿਣਾ ਚਾਹੀਦਾ ਹੈ । ਉਨਾਂ ਨੇ ਸਮੂਹ ਨਗਰ ਪੰਚਾਇਤਾਂ ਨੂੰ ਬੇਨਤੀ ਕੀਤੀ ਕਿ ਪਿੰਡ ਵਿੱਚ ਕਮੇਟੀਆਂ ਬਣਾਉਣ ਦੇ ਨਾਲ ਹੀ ਨਸੇ ਨੂੰ ਠੱਲ ਪਾਈ ਜਾ ਸਕਦੀ ਹੈ ਅਤੇ ਜੋ ਕਿ ਨਸ਼ੇ ਵੇਚਦਾ ਇਸ ਦੀ ਇਤਲਾਹ ਸਾਨੂੰ ਦਿਓ ਅਤੇ ਜੋ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ ਉਸ ਨੂੰ ਪਿਆਰ ਨਾਲ ਸਮਝਾ ਕੇ ਉਸ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖਣ।
ਉਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ, ਉਨਾਂ ਕਿਹਾ ਕਿ ਕਿਸੇ ਵੀ ਤਰਾਂ ਦਾ ਕੋਈ ਨਸ਼ਾ ਕਰਕੇ ਵਹੀਕਲ ਨਹੀਂ ਚਲਾਉਣਾ ਚਾਹੀਦਾ ਅਤੇ ਹਮੇਸ਼ਾ ਚਾਰ ਪਹੀਆ ਵਾਹਨ ਚਲਾਉਣ ਸਮੇਂ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਮੌਕੇ ਸਰਪੰਚ ਤੱਪਾ ਖੇੜਾ ਅਤੇ ਹੈੱਡ ਮਾਸਟਰ ਸ਼ਿੰਗਾਰਾ ਸਿੰਘ ਵੱਲੋਂ ਐੱਸ ਐੱਚ ਓ ਬਿਕਰਮਜੀਤ ਸਿੰਘ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਬੱਚਿਆਂ ਨੂੰ ਅਤੇ ਨੌਜਵਾਨ ਪੀੜੀ ਨੂੰ ਇਸ ਤਰਾਂ ਦੇ ਸੈਮੀਨਾਰਾਂ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ। ਇਸ ਮੌਕੇ ਨਸਾ ਵਿਰੋਧੀ ਚੇਤਨਾ ਯੂਨਿਟ ਦੇ ਇੰਚਾਰਜ ਏ.ਐੱਸ.ਆਈ ਗੁਰਾਦਿੱਤਾ ਸਿੰਘ, ਏ.ਐੱਸ.ਆਈ ਕਾਸਮ ਅਲੀ, ਏ.ਐੱਸ.ਆਈ ਗੁਰਜੰਟ ਸਿੰਘ ਜਟਾਣਾ, ਸਪਾਹੀ ਸਮਨਦੀਪ ਕੁਮਾਰ ਸਕੂਲ ਸਟਾਫ ਅਤੇ ਸਮੂਹ ਪੰਚਾਇਤ ਦੇ ਪਤਵੰਤੇ ਹਾਜਰ ਸਨ ।