ਬੱਚੇ ਲਈ ਮਾਂ ਦਾ ਦੁੱਧ ਸੰਪੂਰਨ ਖੁਰਾਕ ਹੁੰਦਾ ਹੈ ਅਤੇ ਇਸ ਨਾਲ ਬੱਚੇ ‘ਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ- ਡਾ. ਸੁਨੀਲ ਬਾਂਸਲ

ਮਲੋਟ:- ਵਿਸ਼ਵ ਸਤਨਪਾਨ ਹਫ਼ਤੇ ਮੌਕੇ ਸਥਾਨਕ ਸਿਵਲ ਹਸਪਤਾਲ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ 'ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਾਹਿਰਾਂ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਨੀਲ ਬਾਂਸਲ ਦੀ ਅਗਵਾਈ 'ਚ ਹੋਏ ਪ੍ਰੋਗਰਾਮ ਦੌਰਾਨ ਡਾ. ਕਾਮਨਾ ਜਿੰਦਲ ਨੇ ਨਵਜੰਮੇ ਬੱਚੇ ਲਈ ਛੇ ਮਹੀਨੇ ਤੱਕ ਮਾਂ ਦੇ ਦੁੱਧ ਦੀ ਮਹੱਤਤਾ ਦਰਸਾਉਂਦਿਆਂ ਕਿਹਾ ਕਿ ਬੱਚੇ ਲਈ ਮਾਂ ਦਾ ਦੁੱਧ ਸੰਪੂਰਨ ਖੁਰਾਕ ਹੁੰਦਾ ਹੈ ਅਤੇ ਇਸ ਨਾਲ ਬੱਚੇ 'ਚ ਰੋਗਾਂ ਨਾਲ ਲੜਨ ਦੀ ਸ਼ਕਤੀ ਵੱਧਦੀ ਹੈ। ਇਸ ਮੌਕੇ ਬੱਚੇ ਨੂੰ ਛੇ ਮਹੀਨੇ ਤੋਂ ਬਾਅਦ ਦੁੱਧ ਦੇ ਨਾਲ-ਨਾਲ ਦਿੱਤੇ ਜਾਣ ਵਾਲੇ ਹੋਰ ਆਹਾਰ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਛੇ ਮਹੀਨੇ ਤੱਕ ਇੱਕ ਸੰਪੂਰਨ ਖੁਰਾਕ ਦਾ ਕੰਮ ਕਰਦਾ ਹੈ ਅਤੇ ਮਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦਾ ਨਵਜੰਮਿਆ ਬੱਚਾ ਇਸ ਤੋਂ ਕਿਸੇ ਵੀ ਹਾਲ ਵਿੱਚ ਵਾਂਝਾ ਨਾ ਰਹੇ ਅਤੇ ਨਾਲ ਹੀ ਉਨ੍ਹਾਂ ਨਵ-ਜੰਮੇ ਬੱਚੇ ਦੀ ਖੁਰਾਕ ਅਤੇ ਦੁੱਧ ਪਿਲਾਉਣ ਨਾਲ ਮਾਂ ਦੀ ਸਿਹਤ ਵਰਗੇ ਵਿਸ਼ਿਆਂ ਬਾਰੇ ਵੀ ਗੱਲਬਾਤ ਸਾਂਝੀ ਕੀਤੀ। ਇਸ ਮੌਕੇ 'ਤੇ ਡਾ. ਆਕ੍ਰਿਤੀ ਲੂਨਾ, ਸੁਖ਼ਨਪਾਲ ਸਿੰਘ, ਸਵਰਨਜੀਤ ਕੌਰ ਸਟਾਫ਼ ਨਰਸ, ਜਸਬੀਰ ਕੌਰ, ਬੇਅੰਤ ਕੌਰ, ਚਰਨਜੀਤ ਕੌਰ ਅਤੇ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਮਾਹਿਰਾਂ ਵੱਲੋਂ ਉਨ੍ਹਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਇਸ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਵੀ ਕਿਹਾ ਗਿਆ। Author: Malout Live