ਸਿਹਤ ਵਿਭਾਗ ਦੀ ਟੀਮ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰਾਂ ਦੀ ਕੀਤੀ ਗਈ ਚੈਕਿੰਗ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਤੇ ਡਾ. ਰਾਹੁਲ ਆਈ.ਏ.ਐੱਸ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਜਿਲ੍ਹੇ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ।ਇਸ ਸੰਬੰਧ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਜਿਲ੍ਹੇ ਵਿੱਚ ਚੱਲ ਰਹੇ ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰਾਂ ਦੀ ਚੈਕਿੰਗ ਕੀਤੀ ਗਈ। ਡਾ. ਰੰਜੂ ਸਿੰਗਲਾ ਸਿਵਲ ਸਰਜਨ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਿਵਿਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋਟ ਵਿਖੇ ਨਸ਼ਾ ਛੁਡਾਉ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਕਿ ਨਸ਼ਾ ਪੀੜਿਤ ਵਿਅਕਤੀਆਂ ਨੂੰ ਦਾਖਿਲ ਕਰਕੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿਚ ਬਿਨ੍ਹਾ ਤਕਲੀਫ ਤੋਂ ਅਤੇ ਬਿਲਕੁਲ ਮੁਫਤ ਨਸ਼ਾ ਛੁਡਵਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਤੋਂ ਬਾਅਦ ਕੋਈ ਵੀ ਵਿਅਕਤੀ ਪੁਨਰਵਾਸ ਕੇਂਦਰ ਥੇਹੜੀ ਵਿਖੇ ਦਾਖਿਲ ਹੋ ਸਕਦਾ ਹੈ, ਜਿੱਥੇ ਕੇ ਉਸਨੂੰ ਲੋੜੀਂਦੀ ਮੈਡੀਕਲ ਸਹਾਇਤਾ ਦੇ ਨਾਲ ਖਾਣਾ ਵੀ ਬਿਲਕੁੱਲ ਮੁਫਤ ਦਿੱਤਾ ਜਾਂਦਾ ਹੈ ਅਤੇ 2 ਤੋਂ 6 ਮਹੀਨੇ ਤੱਕ ਵਿਅਕਤੀ ਇੱਥੇ ਰਹਿ ਸਕਦਾ ਹੈ, ਜਿੱਥੇ ਕੇ ਮਾਹਿਰ ਕੌਂਸਲਰਾਂ ਵੱਲੋਂ ਉਨ੍ਹਾਂ ਦੀ ਰੋਜਾਨਾ ਕਾਉਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਦੁਬਾਰਾ ਨਸ਼ਾ ਨਾ ਕਰਨ। ਇਸ ਮੌਕੇ ਚੈਕਿੰਗ ਟੀਮ ਦੇ ਇੰਚਾਰਜ ਡਾ. ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਾਹਿਰ ਡਾਕਟਰ ਦੀ ਸਹਾਇਤਾ ਨਾਲ ਕੋਈ ਵਿਅਕਤੀ ਕਿੰਨ੍ਹਾ ਵੀ ਨਸ਼ਾ ਕਰਦਾ ਹੋਵੇ, ਬਿਨ੍ਹਾਂ ਤਕਲੀਫ ਤੋਂ ਨਸ਼ਾ ਛੱਡ ਸਕਦਾ ਹੈ। ਇਸ ਚੈਕਿੰਗ ਟੀਮ ਵਿੱਚ ਡਾ. ਰਾਹੁਲ ਜਿੰਦਲ ਮਨੋਰੋਗ ਮਾਹਿਰ, ਸ਼੍ਰੀ ਓਂਕਾਰ ਸਿੰਘ ਜਿਲ੍ਹਾ ਡਰੱਗ ਇੰਸਪੈਕਟਰ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਪ੍ਰੇਮਦੀਪ ਸਿੰਘ ਸਮਾਜਿਕ ਸੁਰੱਖਿਆ ਵਿਭਾਗ, ਸ਼੍ਰੀਮਤੀ ਲਖਵੀਰ ਕੌਰ ਕਾਉਂਸਲਰ, ਸ਼੍ਰੀ ਨਰਿੰਦਰ ਸਿੰਘ ਸਮਾਜ ਸੇਵਕ ਸ਼ਾਮਿਲ ਸਨ। Author: Malout Live