ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵੱਲੋਂ +2 ਮੈਰੀਟੋਰੀਅਸ ਵਿਦਿਆਰਥੀਆਂ ਦਾ ਸਨਮਾਨ ਆਫ਼ਿਸਰ ਪਰੀਪੇਟਰੀ ਪ੍ਰੋਗਰਾਮ ਬਣ ਰਿਹਾ ਖਿੱਚ ਦਾ ਕੇਂਦਰ

ਮਲੋਟ: ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਦਿਨੀਂ ਐਲਾਨੇ +2 ਦੇ ਨਤੀਜਿਆਂ ਵਿੱਚ ਇਲਾਕੇ ਦਾ ਨਾਂ ਰੁਸ਼ਨਾਉਣ ਵਾਲੇ ਵੱਖੋ-ਵੱਖਰੇ ਸਕੂਲਾਂ ਦੇ ਮੈਰੀਟੋਰੀਅਸ ਵਿਦਿਆਰਥੀਆਂ ਦਾ ਸਨਮਾਨ ਕਰਕੇ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾ ਕੇ ਇੱਕ ਵਾਰ ਫਿਰ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਇਸ ਸਨਮਾਨ ਸਮਾਰੌਹ ਵਿੱਚ ਵਿਦਿਆਰਥੀਆਂ ਨੂੰ 100 ਫੀਸਦੀ ਸਕਾਲਰਸ਼ਿਪ, ਸਨਮਾਨ ਪੱਤਰ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਵਿਦਿਆਰਥੀ ਸਾਡਾ ਆਧਾਰ ਹਨ, ਉਹਨਾਂ ਨੂੰ ਉਤਸ਼ਾਹਿਤ ਕਰਨਾ ਸਾਡਾ ਫ਼ਰਜ਼ ਹੈ। ਮੈਨੇਜਮੈਂਟ ਦੇ ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ ਨੇ ਕਿਹਾ ਕਿ ਇਲਾਕੇ ਦਾ ਨਾਂ ਰੁਸ਼ਨਾਉਣ ਵਾਲੇ ਵਿਦਿਆਰਥੀ ਸਾਡੇ ਆਪਣੇ ਬੱਚੇ ਹਨ,

ਉਨ੍ਹਾਂ ਨੂੰ ਸਨਮਾਨਿਤ ਕਰਕੇ ਅਸੀਂ ਉਹਨਾਂ ਦਾ ਹੌਂਸਲਾ ਅਫਜ਼ਾਈ ਕੀਤੀ ਹੈ ਜੋ ਕਿ ਸਾਡੀ ਜ਼ਿੰਮੇਵਾਰੀ ਹੈ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਅਸੀਂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਇਹੀ ਕਾਰਨ ਹੈ ਕਿ ਅਫ਼ਸਰ ਬਣਨ ਲਈ ਕਾਲਜ ਵੱਲੋਂ ਚਲਾਏ ਜਾ ਰਹੇ ਆਫ਼ਿਸਰ ਪਰੀਪੇਟਰੀ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਰਿਹਾ ਅਤੇ ਉਹਨਾਂ ਨੂੰ ਵੱਖੋ-ਵੱਖਰੇ ਅਹੁਦਿਆਂ ਦੇ ਲਈ ਤਿਆਰ ਕੀਤਾ ਜਾਣਾ ਹੈ ਤਾਂ ਕਿ ਉਹ ਸਹੀ ਦਿਸ਼ਾ ਵੱਲ ਤੁਰਦਿਆਂ ਇਲਾਕੇ ਦਾ ਨਾਂ ਰੁਸ਼ਨਾ ਸਕਣ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਇਸ ਮੌਕੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਾਲਜ ਦੇ ਇਸ ਕਦਮ ਦੀ ਪ੍ਰਸੰਸਾ ਕੀਤੀ। ਇਸ ਮੌਕੇ ਕਾਲਜ ਮੈਨੇਜਮੈਂਟ ਦੇ ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਖ਼ਜ਼ਾਨਚੀ ਦਲਜਿੰਦਰ ਸਿੰਘ ਸੰਧੂ, ਮੈਂਬਰ ਮਨਿੰਦਰ ਸਿੰਘ ਢਿੱਲੋਂ, ਹਰਦੀਪ ਸਿੰਘ ਸੰਧੂ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ। Author: Malout Live