ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਾਇਬਰ ਕਰਾਈਮ ਤੋਂ ਬਚਾਉਣ ਲਈ ਲਗਾਇਆ ਗਿਆ ਅਵੇਅਰਨੈਸ ਕੈਂਪ
ਮਲੋਟ: ਸ਼੍ਰੀ ਵਿਨੀਤ ਕੁਮਾਰ, ਆਈ.ਏ.ਐੱਸ, ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੇ ਹੁਕਮਾਂ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਲੱਮ ਏਰੀਆ ਸ਼੍ਰੀ ਮੁਕਤਸਰ ਸਾਹਿਬ ਵਿਖੇ, ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਸਾਇਬਰ ਕਰਾਈਮ ਤੋਂ ਬਚਾਉਣ ਲਈ ਅਵੇਰਨੈਸ ਕੈਂਪ ਲਗਾਇਆ ਗਿਆ। ਇਸ ਅਵੇਰਨੈਸ ਕੈਂਪ ਦੌਰਾਨ ਡਾ. ਸ਼ਿਵਾਨੀ ਨਾਗਪਾਲ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਕਾਰਣ ਹੋਣ ਵਾਲੇ ਮਾੜੇ ਪ੍ਰਭਾਵਾਂ ਅਤੇ ਇਸਦੇ ਨਾਲ ਹੀ ਸਾਇਬਰ ਕਰਾਈਮ ਸੰਬੰਧੀ ਹੋਣ ਵਾਲੇ ਜ਼ੁਰਮਾਂ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਯੁਵਾ ਪੀੜੀ ਦਾ ਨਸ਼ਿਆਂ ਪ੍ਰਤੀ ਵੱਧਦੇ ਰੁਝਾਨ ਦੇ ਮੱਦੇਨਜ਼ਰ ਇਹ ਸੈਮੀਨਾਰ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਮੋਬਾਇਲ ਫੋਨ ਦੀ ਵਰਤੋਂ ਬਹੁਤ ਜਿਆਦਾ ਵੱਧ ਗਈ ਹੈ, ਜਿਸ ਕਰਕੇ ਬੱਚਿਆ ਦਾ ਸੋਸ਼ਲ, ਮਾਨਸਿਕ ਅਤੇ ਸਰੀਰਿਕ ਵਿਕਾਸ ਰੁਕਦਾ ਜਾ ਰਿਹਾ ਹੈ ਅਤੇ
ਮੋਬਾਇਲ ਫੋਨ ਦੇ ਵੱਧ ਰਹੇ ਰੁਝਾਨ ਕਾਰਣ ਬੱਚਿਆਂ ਦਾ ਪੜ੍ਹਾਈ ਤੋਂ ਬੇਮੁੱਖ ਹੋਣਾ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਸੰਬੰਧੀ ਮਾਪਿਆਂ ਅਤੇ ਬੱਚਿਆਂ ਨੂੰ ਡਿਜੀਟਲ ਦੀ ਦੁਨੀਆਂ ਤੋਂ ਬਾਹਰ ਨਿਕਲਣ ਦੇ ਰਸਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਗੁਰਜੰਟ ਸਿੰਘ, ਏ.ਐੱਸ.ਆਈ ਵੱਲੋਂ ਸਾਇਬਰ ਕਰਾਈਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਅਵੇਅਰਨੈਸ ਕੈਂਪ ਦੌਰਾਨ ਕਾਊਂਸਲਰ ਸਿਹਤ ਵਿਭਾਗ ਨਵਨੀਤ ਕੌਰ ਵੱਲੋਂ ਨਸ਼ਿਆਂ ਦੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਦੌਰਾਨ ਸੋਹਲਪ੍ਰੀਤ ਕੌਰ ਬਾਲ ਸੁਰੱਖਿਆ ਅਫ਼ਸਰ (IC) ਵੱਲੋਂ ਬੱਚਿਆਂ ਨੂੰ ਆਪਣੀ ਸਫ਼ਾਈ ਰੱਖਣ ਅਤੇ ਸਕੂਲ ਜਾਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਗੁਰਦੇਵ ਸਿੰਘ ਹੌਲਦਾਰ ਪੰਜਾਬ ਪੁਲਿਸ ਵੀ ਹਾਜ਼ਿਰ ਸਨ। Author: Malout Live