ਸਿਹਤ ਵਿਭਾਗ ਬਠਿੰਡਾ ਨੇ ਕੌਮਾਂਤਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਮਹਿਲਾ ਖੂਨਦਾਨੀਆਂ ਤੇ ਪ੍ਰਬੰਧਕਾਂ ਨੂੰ ਕੀਤਾ ਸਨਮਾਨਿਤ

ਮਲੋਟ (ਪੰਜਾਬ): ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਾ. ਤੇਜਵੰਤ ਸਿੰਘ ਢਿੱਲੋਂ ਸਿਵਲ ਸਰਜਨ ਬਠਿੰਡਾ ਦੀ ਦੇਖ-ਰੇਖ ਵਿੱਚ ਕੌਮਾਂਤਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਬਲੱਡ ਬੈਂਕ ਬਠਿੰਡਾ ਵਿਖੇ ਜਿਲ੍ਹੇ ਦੀਆਂ ਮਹਿਲਾ ਖੂਨਦਾਨੀਆਂ ਤੇ ਪ੍ਰਬੰਧਕਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਰੋਹ ਕੀਤਾ ਗਿਆ। ਇਸ ਮੌਕੇ ਡਾ. ਸਤੀਸ਼ ਜਿੰਦਲ ਸੀਨੀਅਰ ਮੈਡੀਕਲ ਅਫ਼ਸਰ, ਡਾ. ਰਿਚੀਕਾ, ਡਾ. ਗੁੰਜਨ ਬੀ.ਟੀ.ਓ, ਬਲਾਕ ਐਜੂਕੇਟਰ ਪਵਨਜੀਤ ਕੌਰ ਤੇ ਗਗਨਦੀਪ ਭੁੱਲਰ ਸਮੇਤ ਖੂਨਦਾਨੀ ਔਰਤਾਂ ਤੇ ਖੂਨਦਾਨ ਪ੍ਰਬੰਧਕ ਔਰਤਾਂ ਹਾਜ਼ਿਰ ਸਨ। ਇਸ ਮੌਕੇ ਡਾ. ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਸੰਸਾਰ ਭਰ ਵਿੱਚ ਮਨਾਇਆ ਜਾਂਦਾ ਹੈ।

ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਸ਼ਵ ਭਰ ਵਿੱਚ ਆਪਣਾ ਨਾਂ ਕਮਾਉਣ ਵਾਲੀਆਂ ਜਾਂ ਆਪਣਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਪ੍ਰਤੀ ਸਨਮਾਨ, ਪ੍ਰਸ਼ੰਸਾ ਅਤੇ ਪਿਆਰ ਪ੍ਰਗਟ ਕਰਨਾ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਇਸ ਮੌਕੇ ਸਵੈ ਇੱਛੁਕ ਖੂਨਦਾਨ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਵਾਲੀਆਂ ਇਨ੍ਹਾਂ ਔਰਤਾਂ ਨੂੰ ਔਰਤ ਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਮਾਜਿਕ ਯੋਗਦਾਨ ਲਈ ਸਰਾਹਨਾ ਕੀਤੀ। ਇਸ ਮੌਕੇ ਡਾ. ਤੇਜਵੰਤ ਸਿੰਘ ਢਿੱਲੋਂ ਵੱਲੋਂ ਖੂਨਦਾਨ ਕਾਰਜਾਂ ਵਿਚ ਜੁੱਟੀਆਂ ਅਤੇ ਖੂਨਦਾਨੀ ਔਰਤਾਂ ਨੂੰ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ। Author: Malout Live