ਭਾਸ਼ਾ ਵਿਭਾਗ ਵੱਲੋਂ ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਕਵੀ ਦਰਬਾਰ
ਮਲੋਟ: ਗਾਗਰ ਵਿੱਚ ਸਾਗਰ ਭਰਕੇ ਵੱਡੀ ਤੋਂ ਵੱਡੀ ਗੱਲ ਵੀ ਥੋੜੇ ਜਿਹੇ ਸ਼ਬਦਾਂ ਵਿੱਚ ਪਰੋਕੇ ਸੱਚ ਦਾ ਸ਼ੀਸ਼ਾ ਕਵਿਤਾ ਰਾਹੀਂ ਹੀ ਦਿਖਾਇਆ ਜਾ ਸਕਦਾ ਹੈ, ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਧਾਇਕ ਸ਼੍ਰੀ ਮੁਕਤਸਰ ਸਾਹਿਬ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਭਾਸ਼ਾ ਵਿਭਾਗ ਵੱਲੋਂ ਮਨਾਏ ਜਾ ਰਹੇ ਪੰਜਾਬੀ ਮਾਹ ਪ੍ਰੋਗਰਾਮ ਵਿੱਚ ਕਵੀਆਂ ਅਤੇ ਕਵਿਤਰੀਆਂ ਦੀਆਂ ਕਵਿਤਾਵਾਂ ਸੁਣਨ ਉਪਰੰਤ ਕੀਤਾ। ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਏ ਗਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਭਾਸ਼ਾ ਅਫ਼ਸਰ ਜਗਰੀਤ ਕੌਰ ਨੇ ਸਭਨਾਂ ਨੂੰ ਜੀ ਆਇਆਂ ਨੂੰ ਆਖ ਕੇ ਕੀਤੀ। ਸ. ਗੁਰਦੀਪ ਸਿੰਘ ਮਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਨੇ ਉਸਤਾਦ ਦਾਮਨ ਵੱਲੋਂ ਪੰਜਾਬੀ ਮਾਂ ਬੋਲੀ ਤੇ ਲਿਖੀ ਕਵਿਤਾ ਪੜ੍ਹਨ ਉਪਰੰਤ ਕੁਦਰਤ ਅਤੇ ਆਮ ਜੀਵਨ ਤੇ ਲਿਖੀਆਂ ਚਾਰ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਇਸੇ ਤਰ੍ਹਾਂ ਸ਼ਮਿੰਦਰ ਕੌਰ ਨੇ ਸਧਾਰਨ ਜਨ ਜੀਵਨ ਅਤੇ ਰਿਸ਼ਤਿਆਂ ਬਾਰੇ ਆਪਣੀ ਕਵਿਤਾ ਸਾਂਝੀ ਕੀਤੀ। ਇਸ ਦੌਰਾਨ ਮਨਜੀਤ ਸੂਖਮ, ਸੁੰਮੀ ਸਾਮਰੀਆਂ, ਰਮਿੰਦਰ ਬੇਰੀ, ਭੁਪਿੰਦਰ ਕੌਰ ਪ੍ਰੀਤ, ਕੁਲਵੰਤ ਗਿੱਲ, ਬਿਮਲਾ ਦੇਵੀ ਸੁਖਦੇਵ ਮਠਾੜੂ ਅਤੇ ਸਤੀਸ਼ ਬੇਦਾਗ ਨੇ ਆਪਣੀਆਂ-ਆਪਣੀਆਂ ਕਵਿਤਾਵਾਂ ਸੁਣਾ ਕੇ ਦਰਸ਼ਕਾਂ ਦੀ ਭਰਪੂਰ ਪ੍ਰਸ਼ੰਸ਼ਾ ਖੱਟੀ। ਰਿਸ਼ੀ ਹਿਰਦੇਪਾਲ ਜਿਹਨਾਂ ਸਟੇਜ਼ ਦਾ ਸੰਚਾਲਨ ਵੀ ਕੀਤਾ, ਨੇ ਆਪਣੀ ਕਵਿਤਾ ਵਿੱਚ ਯਥਾਰਥ ਅਤ ਗੱਡੀ ਦੇ ਸਫ਼ਰ ਦੀ ਖੁਬਸੂਰਤ ਨਜ਼ਮ ਦੀ ਪੇਸ਼ਕਾਰੀ ਕੀਤੀ। ਅੰਤ ਵਿੱਚ ਸਤਵੰਤ ਕੌਰ ਪ੍ਰਿੰਸੀਪਲ ਸਰਕਾਰੀ ਕਾਲਜ ਮੇਲਾ ਲੁਟਦਿਆਂ ਸੁਰਜੀਤ ਪਾਤਰ ਦੀ ਕਵਿਤਾ ਨੂੰ ਆਪਣੀ ਸੁਰੀਲੀ ਅਵਾਜ ਰਾਹੀਂ ਗਾਕੇ ਸੁਣਾਇਆ। ਇਸ ਮੌਕੇ ਰਿਸ਼ਭ ਬਾਂਸਲ ਸਹਾਇਕ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ, ਡਿਪਟੀ ਸੈਨੇਟਰ ਕਪਿਲ ਸ਼ਰਮਾ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ। Author: Malout Live