ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵਿਖੇ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਗੁਰਮਤਿ ਚੇਤਨਾ ਮਾਰਚ ਕੱਢਿਆ
ਮਲੋਟ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ੍ਹ ਪਟਿਆਲਾ ਦੇ ਅਧੀਨ ਚੱਲ ਰਹੇ ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵਿਖੇ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ। ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਭ ਤੋਂ ਪਹਿਲਾਂ ਸਕੂਲ ਵਿੱਚ ਜਪੁਜੀ ਸਾਹਿਬ ਦੇ ਪਾਠ, ਸ਼ਬਦ ਕੀਰਤਨ ਅਤੇ ਅਰਦਾਸ ਕੀਤੀ ਗਈ। ਉਸ ਤੋਂ ਉਪਰੰਤ ਸਮੂਹ ਸਟਾਫ਼ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਸਿੱਧੂ ਦੀ ਅਗਵਾਈ ਵਿੱਚ ਪਿੰਡ ਥੇਹੜੀ ਸਾਹਿਬ ਅਤੇ ਫ਼ਕਰਸਰ ਵਿੱਚ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ। ਜਿਸ ਵਿੱਚ ਸੰਗੀਤ ਅਧਿਆਪਕਾ ਹਰਮਿੰਦਰ ਕੌਰ ਅਤੇ ਅਧਿਆਪਕ ਦਵਿੰਦਰ ਸਿੰਘ ਵੱਲੋਂ ਬੱਚਿਆਂ ਨਾਲ ਮਿਲ ਕੇ ਸ਼ਬਦ ਅਤੇ ਕਵਿਤਾਵਾਂ ਗਾਈਨ ਕਰਦੇ ਹੋਏ, ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ।
ਇਸ ਸਮੇਂ ਵਿਦਿਆਰਥੀਆਂ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਤ ਜਾਣਕਾਰੀ ਦਿੰਦੇ ਪੋਸਟਰ, ਬੈਨਰ ਅਤੇ ਖਾਲਸਾਈ ਝੰਡਿਆਂ ਨੂੰ ਫੜ ਕੇ ਗੁਰਮਤਿ ਚੇਤਨਾ ਮਾਰਚ ਕੀਤਾ ਗਿਆ। ਭਾਈ ਗੁਰਲਾਭ ਸਿੰਘ, ਅਧਿਆਪਕ ਦਵਿੰਦਰ ਸਿੰਘ ਅਤੇ ਤਰਸੇਮ ਸਿੰਘ ਮੰਡ ਵੱਲੋਂ ਬੱਚਿਆਂ ਨੂੰ ਗੁਰਮਤਿ ਚੇਤਨਾ ਮਾਰਚ ਦੇ ਅਲੱਗ-ਅਲੱਗ ਪੜਾਵਾਂ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਵਰਿੰਦਰ ਕੌਰ ਸਿੱਧੂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਹੱਕ ਸੱਚ ਤੇ ਚੱਲਣ ਲਈ ਪ੍ਰੇਰਿਆ ਗਿਆ। ਪ੍ਰਿੰਸੀਪਲ ਮੈਡਮ ਵਰਿੰਦਰ ਕੌਰ ਸਿੱਧੂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਰਾਹੀਂ ਅਸੀਂ ਪਿੰਡ ਵਾਸੀਆਂ ਦੇ ਘਰ-ਘਰ ਤੱਕ ਇਹਨਾਂ ਸ਼ਹਾਦਤਾਂ ਦੇ ਉਦੇਸ਼ ਨੂੰ ਪਹੁੰਚਾਉਣ ਵਿੱਚ ਸਫ਼ਲ ਹੋਏ ਹਾਂ। ਥੇਹੜੀ ਸਾਹਿਬ ਵਿਖੇ ਸ੍ਰ. ਗੁਰਦਰਸ਼ਨ ਸਿੰਘ ਚੱਠਾ ਦੇ ਪਰਿਵਾਰ ਵੱਲੋਂ ਅਤੇ ਪਿੰਡ ਫਕਰਸਰ ਵਿਖੇ ਜਥੇਦਾਰ ਗੁਰਪਾਲ ਸਿੰਘ ਗੋਰਾ, ਸਰਪੰਚ ਕੌਰ ਸਿੰਘ, ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਬੱਚਿਆਂ ਲਈ ਕੇਲਿਆਂ ਅਤੇ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਗਈ। ਪ੍ਰਿੰਸੀਪਲ ਵਰਿੰਦਰ ਕੌਰ ਸਿੱਧੂ ਵੱਲੋਂ ਪਿੰਡ ਥੇਹੜੀ ਸਾਹਿਬ ਅਤੇ ਫਕਰਸਰ ਦੇ ਸਾਰੇ ਲੋਕਾਂ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।