ਝਬੇਲਵਾਲੀ ਅੱਡੇ ਤੇ ਬੱਸਾਂ ਰੁਕਵਾਉਣ ਲਈ ADC ਨੂੰ ਸੌਂਪਿਆ ਗਿਆ ਮੰਗ ਪੱਤਰ
ਮਲੋਟ:- ਏ.ਡੀ.ਸੀ ਰਾਜਬੀਰ ਕੌਰ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਵੱਲੋਂ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਵਿੱਚ ਲਿਖਿਆ ਗਿਆ ਕਿ ਪਿੰਡ ਝਬੇਲਵਾਲੀ ਦੇ ਬੱਸ ਸਟੈਂਡ ਤੇ ਸਾਰੀਆਂ ਬੱਸਾਂ ਰੁੱਕ ਕੇ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਸਵਾਰੀਆਂ ਨੂੰ ਆਉਣ ਜਾਣ ਦੀ ਕੋਈ ਦਿੱਕਤ ਨਾ ਹੋਵੇ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਝਬੇਲਵਾਲੀ ਅਤੇ ਹਰਪ੍ਰੀਤ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਲਗਪਗ ਸੱਤ ਪਿੰਡਾਂ ਦੀਆਂ ਸਵਾਰੀਆਂ ਬੱਸਾ ਰਾਹੀਂ ਪਿੰਡ ਝਬੇਲਵਾਲੀ ਦੇ ਬੱਸ ਸਟੈਂਡ ਤੋਂ ਸਫ਼ਰ ਕਰਦੀਆਂ ਹਨ ਪਰ ਪਿਛਲੇ ਕਈ ਸਾਲਾਂ ਤੋਂ ਬੱਸ ਸਟੈਂਡ ਤੇ ਕੋਈ ਬੱਸ ਨਹੀਂ ਰੁੱਕਦੀ। ਜੇਕਰ ਕੋਈ ਵਿਰਲੀ ਟਾਵੀਂ ਬੱਸ ਰੁਕਦੀ ਵੀ ਹੈ ਉਸ ਲਈ ਸਵਾਰੀਆਂ ਨੂੰ ਤਿੰਨ- ਤਿੰਨ ਘੰਟੇ ਉਡੀਕ ਕਰਨੀ ਪੈਂਦੀ ਹੈ, ਜਿਸ ਕਾਰਨ ਸਵਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸੰਬੰਧੀ ਜਦੋਂ ਕਿਰਤੀ ਕਿਸਾਨ ਯੂਨੀਅਨ ਦੇ ਵਫ਼ਦ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਰਾਜਬੀਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੌਕੇ ਤੇ ਜੀ.ਐਮ ਰਣਜੀਤ ਸਿੰਘ ਤੋਂ ਬੱਸਾਂ ਨਾ ਰੁਕਣ ਦਾ ਕਾਰਨ ਪੁੱਛਿਆ ਤੇ ਹਦਾਇਤ ਜਾਰੀ ਕੀਤੀ ਕਿ ਝਬੇਲਵਾਲੀ ਦੇ ਬੱਸ ਸਟੈਂਡ ਤੇ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਸਵਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਆਗੂਆਂ ਨੇ ਕਿਹਾ ਕਿ ਜੇਕਰ ਪੰਦਰਾਂ ਦਿਨਾਂ ਦੇ ਵਿੱਚ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਬੰਧਿਤ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ ਝਬੇਲਵਾਲੀ, ਬਲਜੀਤ ਸਿੰਘ ਫੌਜੀ, ਸਰਬਜੀਤ ਸਿੰਘ, ਸਾਬਕਾ ਪੰਚਾਇਤ ਮੈਂਬਰ ਜਸਵਿੰਦਰ ਸਿੰਘ ਕਾਲਾ, ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬੂਟਾ ਸਿੰਘ, ਤੇਜ ਸਿੰਘ ਖ਼ਾਲਸਾ ਆਦਿ ਹਾਜ਼ਿਰ ਸਨ। Author: Malout Live