MRS ਕਾਲਜ ਵਿੱਚ ਕਨਵਰ ਗਰੇਵਾਲ ਨੇ ਬੰਨ੍ਹਿਆ ਰੰਗ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ
ਮਲੋਟ: ਇਲਾਕੇ ਦੀ ਨਾਮਵਰ ਸਹਿ-ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਅੱਜ ਆਪਣੇ ਸੁਨਹਿਰੀ ਪੰਨਿਆਂ ਵਿੱਚ ਉੱਘੇ ਗਾਇਕ ਕਨਵਰ ਗਰੇਵਾਲ ਦਾ ਪ੍ਰੋਗਰਾਮ ਕਰਵਾ ਕੇ ਇੱਕ ਹੋਰ ਪੰਨਾ ਸਫ਼ਲਤਾਪੂਰਵਕ ਜੋੜ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮਨਿਸਟਰ ਪੰਜਾਬ ਡਾ. ਬਲਜੀਤ ਕੌਰ ਅਤੇ ਗੁਰਮੀਤ ਖੁੱਡੀਆਂ ਹੁਰਾਂ ਵੱਲੋਂ ਰਣਧੀਰ ਖੁੱਡੀਆਂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਐੱਸ.ਡੀ.ਐੱਮ ਕੰਵਰਜੀਤ ਸਿੰਘ, ਡੀ.ਐੱਸ.ਪੀ ਬਲਕਾਰ ਸਿੰਘ, ਰਾਜਵੰਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਧੂਰੀ, ਗੁਰਚਰਨ ਸਿੰਘ ਓ.ਐੱਸ.ਡੀ, ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਅਤੇ ਅਗਲੇਰੇ ਸਮਿਆਂ ਵਿੱਚ ਹੋਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਾਲਜ ਦੁਆਰਾ ਕੀਤੇ ਜਾ ਰਹੇ ਵਿਦਿਆਰਥੀ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਪਣੇ ਵੱਲੋਂ ਪੂਰਨ ਸਹਿਯੋਗ ਦੀ ਗੱਲ ਕਹੀ।
ਚੇਅਰਮੈਨ ਮਾਰਕੀਟ ਕਮੇਟੀ ਧੂਰੀ ਰਾਜਵੰਤ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦਾ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਰਣਧੀਰ ਖੁੱਡੀਆਂ ਨੇ ਪਿਛਲੇ ਸਮਿਆਂ ਵਿੱਚ ਕਾਲਜ ਦੁਆਰਾ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉੱਘੇ ਕਨਵਰ ਗਰੇਵਾਲ ਨੇ ਇਸ ਮੌਕੇ ਤਕਰੀਬਨ ਢਾਈ ਘੰਟੇ ਵਿਦਿਆਰਥੀਆਂ ਅਤੇ ਪਤਵੰਤਿਆਂ ਦਾ ਮਨੋਰੰਜਨ ਕੀਤਾ ਅਤੇ ਉਨ੍ਹਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਦਿਆਂ ਉਹਨਾਂ ਦੀ ਪਸੰਦ ਦੇ ਗੀਤ ਸੁਣਾਏ ਅਤੇ ਦੁਆ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਕਾਲਜ ਦੀਆਂ ਗੁੱਡੀਆਂ ਚੜ੍ਹੀਆਂ ਰਹਿਣ। ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪਿਰਤਪਾਲ ਸਿੰਘ ਗਿੱਲ, ਖ਼ਜ਼ਾਨਚੀ ਦਲਜਿੰਦਰ ਸਿੰਘ ਸੰਧੂ, ਮਨਿੰਦਰ ਸਿੰਘ ਢਿੱਲੋਂ, ਹਰਦੀਪ ਸਿੰਘ ਸੰਧੂ, ਮੇਜਰ ਸਿੰਘ, ਹਰਮੰਦਰ ਸੰਧੂ, ਗੁਰਪ੍ਰੀਤ ਬਰਾੜ, ਗੁਰਦੀਪ ਸਿੰਘ ਗਿੱਲ, ਹਰਮੰਦਰ ਸਿੰਘ ਸ਼ੇਰੇਵਾਲਾ ਨੇ ਆਏ ਮਹਿਮਾਨਾਂ ਦਾ ਕਾਲਜ ਪਹੁੰਚਣ 'ਤੇ ਧੰਨਵਾਦ ਕੀਤਾ। Author: Malout Live