ਆਈ.ਜੀ ਫਰੀਦਕੋਟ ਅਤੇ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮੇਲਾ ਮਾਘੀ ਦੇ ਸੰਬੰਧ ਵਿੱਚ ਸੁਰੱਖਿਆ ਪ੍ਰਬੰਧਾ ਦਾ ਲਿਆ ਗਿਆ ਜਾਇਜ਼ਾ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਦੇ ਅਗੇਤੇ ਪ੍ਰਬੰਧਾ ਅਤੇ ਆਵਾਜਾਈ ਅਤੇ ਸ਼ਰਧਾਲੂਆਂ ਦੀ ਸੁਰੱਖਿਆਂ ਦੇ ਪ੍ਰਬੰਧਾ ਨੂੰ ਮੁੱਖ ਰੱਖਦਿਆਂ ਸ.ਗੁਰਸ਼ਰਨ ਸਿੰਘ ਸੰਧੂ (ਆਈ.ਪੀ.ਐੱਸ) ਆਈ.ਜੀ ਫਰੀਦਕੋਟ ਰੇਂਜ ਅਤੇ ਸ਼੍ਰੀ ਭਾਗੀਰਥ ਸਿੰਘ ਮੀਨਾ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਮਾਘੀ ਮੇਲੇ ਮੌਕੇ ਹੋਣ ਵਾਲੇ ਸੁਰੱਖਿਆ ਪ੍ਰਬੰਧਾਂ ਸੰਬੰਧੀ ਜ਼ਿਲ੍ਹੇ ਦੇ ਸਮੂਹ ਪੁਲਿਸ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਦੱਸਿਆ ਗਿਆ ਕਿ ਮੇਲੇ ਮਾਘੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੇਲਾ ਮਾਘੀ ਦੌਰਾਨ ਸ਼ਹਿਰ ਅੰਦਰ ਸ਼ਰਧਾਲੂਆ ਦੀ ਸੁਰੱਖਿਆ ਲਈ ਹਰ ਸੜਕ ਤੇ ਪੁਲਿਸ ਨਾਕੇ ਲਗਾਏ ਜਾਣਗੇ। ਸ਼ਹਿਰ ਅੰਦਰ ਢੁੱਕਵੀ ਜਗ੍ਹਾ ਤੇ ਪੁਲਿਸ ਸਹਾਇਤਾ ਕੇਂਦਰ ਸਥਾਪਿਤ ਕੀਤੇ ਜਾਣਗੇ। ਜਿੱਥੇ 24 ਘੰਟੇ ਸ਼ਰਧਾਲੂਆਂ ਦੀ ਸਹਾਇਤਾ ਲਈ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਉਨ੍ਹਾ ਕਿਹਾ ਕਿ ਸ਼ਹਿਰ ਦੇ ਅੰਦਰ ਅਲੱਗ-ਅਲੱਗ ਚੌਂਕਾ ਤੇ ਵਾਚ ਟਾਵਰ ਰੱਖੇ ਜਾਣਗੇ ਜਿੰਨ੍ਹਾ ਤੇ ਹਰ ਵੇਲੇ ਪੁਲਿਸ ਮੁਲਾਜ਼ਮਾਂ ਦੁਆਰਾ ਦੂਰਬੀਨ ਰਾਹੀ ਭੀੜ ਤੇ ਨਿਗ੍ਹਾ ਰੱਖੀ ਜਾਵੇਗੀ, ਜੋ ਕੋਈ ਵੀ ਮੁਸ਼ਕਿਲ ਸਮੇਂ ਤੁਰੰਤ ਪੁਲਿਸ ਸਹਾਇਤਾ ਭੇਜਣਗੇ। ਉਨ੍ਹਾਂ ਕਿਹਾ ਕਿ ਮੇਲਾ ਮਾਘੀ ਅੰਦਰ ਅਲੱਗ-ਅਲੱਗ ਥਾਵਾਂ ਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ। ਜਿਨ੍ਹਾਂ ਦਾ ਸੰਪਰਕ ਪੁਲਿਸ ਕੰਟਰੋਲ ਰੂਮ ਤੇ ਹੋਵੇਗਾ। ਉਨ੍ਹਾਂ ਕਿਹਾ ਪੁਲਿਸ ਕੰਟਰੋਲ ਰੂਮ 24 ਘੰਟੇ ਸਹਾਇਤਾ ਲਈ ਤਿਆਰ ਰਹਿਣਗੇ ਅਤੇ ਪੀ.ਸੀ.ਆਰ ਮੋਟਰਸਾਇਕਲ 24 ਘੰਟੇ ਸ਼ਹਿਰ ਅੰਦਰ ਗਸ਼ਤ ਕਰਦੇ ਰਹਿਣਗੇ।
ਉਨ੍ਹਾਂ ਦੱਸਿਆਂ ਮੇਲੇ ਮਾਘੀ ਸਮੇਂ ਸ਼ਹਿਰ ਨੂੰ ਸੈਕਟਰਾਂ ਵਿੱਚ ਵੰਡ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਮੇਲੇ ਅੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਅਲੱਗ-ਅਲੱਗ ਵਹੀਕਲਾਂ ਲਈ ਪਾਰਕਿੰਗਾਂ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੈਵੀ ਵਹੀਕਲਾਂ ਦੀ ਸ਼ਹਿਰ ਅੰਦਰ ਐਂਟਰੀ ਨਹੀ ਹੋਵੇਗੀ ਅਤੇ ਦੂਸਰੇ ਸ਼ਹਿਰਾਂ ਵਿੱਚ ਜਾਣ ਵਾਲੇ ਵਹੀਕਲਾਂ ਨੂੰ ਸ਼ਹਿਰ ਤੋਂ ਬਾਹਰੋਂ ਬਾਹਰ ਕੱਢਣ ਲਈ ਰੂਟ ਪਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਅੰਦਰ ਸ਼ਰਧਾਲੂਆਂ ਦੁਆਰਾ ਸਰੋਵਰਾਂ ਵਿੱਚ ਇਸ਼ਨਾਨ ਕਰਦੇ ਸਮੇਂ ਕੋਈ ਅਣਹੋਣੀ ਘਟਨਾ ਨਾ ਹੋ ਜਾਵੇ ਇਸ ਤੋ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਗੋਤਾਂਖੋਰਾ ਨੂੰ ਤਾਇਨਾਤ ਕੀਤਾ ਜਾਵੇਗਾ ਅਤੇ ਗੁਰਦੁਆਰਾ ਸਾਹਿਬ ਦੇ ਹਰ ਇੱਕ ਗੇਟ ਅਤੇ ਗੁਰਦੁਆਰਾ ਸਾਹਿਬ ਅੰਦਰ ਪੁਲਿਸ ਮੁਲਾਜ਼ਮ ਸੁਰੱਖਿਆ ਲਈ ਤਇਨਾਤ ਕੀਤੇ ਜਾਣਗੇ। ਇਸ ਮੌਕੇ ਸ਼੍ਰੀ ਸੰਜੀਵ ਗੋਇਲ ਡੀ.ਐੱਸ.ਪੀ (ਡੀ), ਸ.ਜਸਬੀਰ ਸਿੰਘ ਡੀ.ਐੱਸ.ਪੀ (ਗਿੱਦੜਬਾਹਾ), ਸ.ਸਤਨਾਮ ਸਿੰਘ ਡੀ.ਐੱਸ.ਪੀ (ਸ਼੍ਰੀ ਮੁਕਤਸਰ ਸਾਹਿਬ), ਸ. ਫਤਿਹ ਸਿੰਘ ਬਰਾੜ ਡੀ.ਐੱਸ.ਪੀ (ਮਲੋਟ), ਸ. ਜਸਪਾਲ ਸਿੰਘ ਡੀ.ਐੱਸ (ਲੰਬੀ), ਇੰਸ. ਮਲਕੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਸ਼੍ਰੀ ਮੁਕਤਸਰ ਸਾਹਿਬ, ਐੱਸ.ਆਈ ਵਰੂਣ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ, ਇੰਸ. ਸੁਨੀਤਾ ਰਾਣੀ, ਇੰਸ. ਲਵਪ੍ਰੀਤ ਕੌਰ, ਰੀਡਰ ਅਜੀਤਪਾਲ ਸਿੰਘ, ਹੌਲਦਾਰ ਦਵਿੰਦਰ ਸਿੰਘ ਅਤੇ ਟ੍ਰੈਫ਼ਿਕ ਸਟਾਫ, ਹੈੱਡ ਕਲਰਕ ਨੇਮਪਾਲ, ਐਮ.ਟੀ.ਓ ਹਰਜਿੰਦਰ ਸਿੰਘ ਆਦਿ ਹਾਜ਼ਿਰ ਸਨ। Author: Malout Live