ਕੋਰੋਨਾ ਦੇ ਵੱਧਦੇ ਪ੍ਰਭਾਵ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਹਦਾਇਤਾਂ ਜਾਰੀ
ਮਲੋਟ: ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇੰਨ੍ਹਾਂ ਹੁਕਮਾਂ ਦੀ ਪਾਲਣਾ ਵਿੱਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਹਦਾਇਤਾਂ/ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਜਿੰਨਾਂ ਵਿੱਚ ਕੋਵਿਡ-19 ਤੋਂ ਬਚਾਅ ਲਈ ਲੋੜੀਂਦੀਆਂ ਸਾਵਧਾਨੀਆਂ ਜਿਵੇਂ ਸਮਾਜਿਕ ਦੂਰੀ, ਖੰਘਣ ਜਾਂ ਛਿੱਕਣ ਕਾਰਨ ਹਵਾ ਰਾਹੀਂ ਕੋਵਿਡ ਸੰਕਰਮਣ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾਣ ਅਤੇ ਜਨਤਕ ਥਾਵਾਂ ਤੇ ਥੁੱਕਣ ਤੋਂ ਪਰਹੇਜ਼ ਕੀਤਾ ਜਾਵੇ। ਸਾਰੇ ਸਿੱਖਿਆ ਸੰਸਥਾਨਾਂ, ਸਰਕਾਰੀ ਪ੍ਰਾਈਵੇਟ ਦਫ਼ਤਰਾਂ, ਇਨਡੋਰ/ਆਊਟਡੋਰ ਇਕੱਠ, ਮਾਲ, ਜਨਤਕ ਥਾਵਾਂ ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਸੰਬੰਧੀ ਲੱਛਣ ਹੁੰਦੇ ਹਨ ਤਾਂ ਉਹ ਤੁਰੰਤ ਆਪਣੀ ਜਾਂਚ ਕਰਵਾਏ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰੇ। ਜ਼ਿਲ੍ਹੇ ਦੀਆਂ ਸਾਰੀਆਂ ਲੈਬੋਰੇਟਰੀਆਂ/ਕੁਲੈਕਸ਼ਨ ਸੈਂਟਰ ਜਿੱਥੇ ਕੋਵਿਡ-19 ਦਾ ਟੈਸਟ ਕੀਤਾ ਜਾਂਦਾ ਹੈ, ਉਨ੍ਹਾਂ ਵੱਲੋਂ ਇਨ੍ਹਾਂ ਟੈਸਟਾਂ ਦੇ ਨਤੀਜੇ (ਨੈਗਟਿਵ ਅਤੇ ਪਾਜੀਟਿਵ) ਪੰਜਾਬ ਸਰਕਾਰ ਦੇ ਕੋਵਾ ਪੋਰਟਲ ਤੇ ਅਪਲੋਡ ਕਰਨਗੇ ਅਤੇ ਇਹ ਰਿਪੋਰਟਾਂ ਜ਼ਿਲ੍ਹੇ ਅਤੇ ਸਟੇਟ ਦੇ ਕੋਵਿਡ ਸੈੱਲ ਨੂੰ ਵੀ ਭੇਜਣ। ਜਿਹੜੇ ਵਿਅਕਤੀਆਂ ਨੇ ਅਜੇ ਤੱਕ ਕੋਵਿਡ-19 ਤੋਂ ਬਚਾਅ ਲਈ ਦੂਸਰੀ ਡੋਜ਼ ਨਹੀਂ ਲਗਵਾਈ ਉਹ ਤੁਰੰਤ ਦੂਸਰੀ ਡੋਜ਼ ਲਗਵਾਉਣ। Author: Malout Live