ਕਾਰਜਕਾਰੀ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝੀ ਕੀਤੀ ਜਾਣਕਾਰੀ

ਮਲੋਟ (ਬਠਿੰਡਾ): ਲਗਾਤਾਰ ਵੱਧ ਰਹੀ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਹੈ ਕਿ ਸ਼ੂਗਰ, ਹਾਈਪਰਟੈਂਨਸ਼ਨ, ਸਾਹ ਦੇ ਰੋਗਾਂ ਅਤੇ ਦਿਲ ਦੀ ਬਿਮਾਰੀ ਸਮੇਤ ਕੁੱਝ ਵਿਸ਼ੇਸ਼ ਪ੍ਰਸਥਿਤੀਆਂ ਜਿਵੇਂ ਛੋਟੀ ਉਮਰ ਦੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਠੰਡ ਦੇ ਮੌਸਮ ਵਿੱਚ ਵਧੇਰੇ ਜੋਖਿਮ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਵਧੇਰੇ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਰਦੀਆਂ ਵਿੱਚ ਦਮਾ, ਜੁਕਾਮ, ਫਲੂ, ਗਲੇ ਵਿੱਚ ਖਰਾਸ਼, ਖੰਘ ਤੇ ਜੋੜਾਂ ਦਾ ਦਰਦ ਹੋਣਾ ਆਮ ਰਹਿੰਦੇ ਹਨ, ਇਨ੍ਹਾਂ ਨੂੰ ਬਿਲਕੁਲ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਡਾਕਟਰੀ ਜਾਂਚ ਜਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਕੁੱਝ ਜਰੂਰੀ ਗੱਲਾਂ ਦਾ ਧਿਆਨ ਰੱਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਗੈਰ-ਜ਼ਰੂਰੀ ਕੰਮਾਂ ਕਰਕੇ ਘਰ ਤੋਂ ਬਾਹਰ ਜਾਣ ਤੋਂ ਪ੍ਰਹੇਜ ਕਰੋ। ਘਰ ਤੋਂ ਬਾਹਰ ਜਾਣ ਸਮੇਂ ਸਰੀਰ ਤੇ ਇੱਕ ਤੋਂ ਵੱਧ ਗਰਮ ਕੱਪੜੇ, ਮਫਲਰ ਅਤੇ ਹੱਥਾਂ ਵਿੱਚ ਦਸਤਾਨੇ ਪਾਓ। ਚੰਗੀ ਨੀਂਦ ਲਓ ਅਤੇ ਸੌਣ ਸਮੇਂ ਕੋਇਲੇ ਵਾਲੀ ਅੰਗੀਠੀ ਦੀ ਵਰਤੋਂ ਬਿਲਕੁਲ ਨਾ ਕਰੋ ਕਿਉਂਕਿ ਇਸ ਨਾਲ ਕਾਰਬਨ-ਮੋਨੋਆਕਸਾਈਡ ਗੈਸ ਬਣਦੀ ਹੈ, ਜਿਸ ਕਾਰਨ ਸੌਣ ਸਮੇਂ ਦਮ ਘੁੱਟ ਸਕਦਾ ਹੈ ਤੇ ਗੰਭੀਰ ਹਾਲਤ ਵਿੱਚ ਮੌਤ ਵੀ ਹੋ ਸਕਦੀ ਹੈ।

ਸੀਤ ਲਹਿਰ ਦੇ ਸਮੇਂ ਕਮਰੇ ਵਿੱਚ ਵੈਂਟੀਲੇਸ਼ਨ ਹੋਣ ਤੇ ਹੀ ਰੂਮ ਹੀਟਰ, ਬਲੋਅਰ ਆਦਿ ਉਪਕਰਣਾਂ ਦੀ ਵਰਤੋਂ ਕੀਤੀ ਜਾਵੇ। ਤੰਗ ਕੱਪੜੇ ਪਾਉਣ ਤੋਂ ਪ੍ਰਹੇਜ਼ ਕਰੋ ਕਿਉਂਕਿ ਤੰਗ ਕੱਪੜੇ ਖੂਨ ਦੇ ਗੇੜ ਨੂੰ ਘਟਾਉਂਦੇ ਹਨ। ਆਪਣੇ ਆਪ ਨੂੰ ਸੁੱਕਾ ਰੱਖੋ। ਸਿਰ, ਗਰਦਨ ਅਤੇ ਹੱਥਾਂ ਨੂੰ ਢੱਕ ਕੇ ਰੱਖੋ। ਉਨ੍ਹਾਂ ਦੱਸਿਆ ਕਿ ਘਰ ਤੋਂ ਬਾਹਰ ਜਾਣ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਮਾਸਕ ਨਾਲ ਢੱਕ ਕੇ ਰੱਖੋ। ਸੰਤੁਲਿਤ ਭੋਜਨ, ਫਲ ਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ। ਇਸ ਦੇ ਨਾਲ ਹੀ ਜ਼ਰੂਰਤ ਅਨੁਸਾਰ ਗਰਮ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਾਈਪੋਥਰਮੀਆਂ (ਸਰੀਰ ਦਾ ਤਾਪਮਾਨ ਘੱਟਣ) ਦੇ ਲੱਛਣ ਜਿਵੇਂ ਸਰੀਰ ਦਾ ਤਾਪਮਾਨ ਘੱਟ ਹੋਣਾ, ਨਾ ਰੁਕਣ ਵਾਲੀ ਕੰਬਣੀ ਲੱਗਣਾ, ਯਾਦਾਸ਼ਤ ਚਲੇ ਜਾਣਾ, ਬੇਹੋਸ਼ੀ, ਜੁਬਾਨ ਦਾ ਲੜਖੜਾਉਣਾ ਆਦਿ ਦੇ ਲੱਛਣ ਦਿੱਸਣ ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਇਸ ਸਮੇਂ ਡਾ. ਅਨੂਪਮਾ ਸ਼ਰਮਾ ਸਹਾਇਕ ਸਿਵਲ ਸਰਜਨ, ਡਾ. ਸੁਖਜਿੰਦਰ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਵਿਨੋਦ ਖੁਰਾਣਾ, ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ ਹਾਜ਼ਿਰ ਸਨ। Author: Malout Live