ਮਿਸ਼ਨ ਫਤਿਹ ਤਹਿਤ ਕੋਵਿਡ ਤੇ ਕੰਟਰੋਲ ਲਈ ਪਿੰਡ ਖਿੜਕੀਆਂ ਵਾਲਾ ਵਿਖੇ ਸਿਹਤ ਵਿਭਾਗ ਵਲੋਂ ਘਰ ਘਰ ਨਿਗਰਾਨੀ ਐਪ ਦੀ ਦਿੱਤੀ ਜਾਣਕਾਰੀ

ਸ੍ਰੀ ਮੁਕਤਸਰ ਸਾਹਿਬ:- ਕੋਵਿਡ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਆਪਣੀ ਕਿਸਮ ਦੀ ਨਿਵੇਕਲੀ ਪਹਿਲ ਕੀਤੀ ਹੈ,ਜਿਸ ਦੇ ਤਹਿਤ ਘਰ ਘਰ ਨਿਗਰਾਨੀ ਐਪ ਰਾਹੀਂ ਕੋਰੋਨਾ ਵਾਇਰਸ ਦੀ ਜਲਦੀ ਸ਼ਨਾਖਤ ਕਰਕੇ ਉਸਦੀ ਟੈਸਟਿੰਗ ਲਈ ਸਹਾਈ ਸਿੱਧ ਹੋਵੇਗੀ ਤਾਂ ਜੋ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਇਆ ਜਾ ਸਕੇ। ਡਾ ਹਰੀ ਨਰਾਇਣ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਰਮੇਸ਼ ਕੁਮਾਰੀ ਦੀ ਦੇਖ ਰੇਖ ਹੇਠ ਮਿਸ਼ਨ ਫਤਿਹ ਤਹਿਤ ਪਿੰਡ ਖਿੜਕੀਆਂ ਵਾਲਾ ਵਿਖੇ ਘਰ ਘਰ ਨਿਗਰਾਨੀ ਐਪ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਕੋਵਾ ਐਪ ਡਾਊਨਲੋਡ ਕਰਵਾਈ ਗਈ।                             ਇਸ ਮੌਕੇ ਗੁਰਤੇਜ਼ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ, ਗਗਨਦੀਪ ਸਿੰਘ ਬੀ.ਈ.ਈ., ਪਰਮਜੀਤ ਕੌਰ ਮ.ਪ.ਹ. (ਫ), ਕੰਵਲਜੀਤ ਕੌਰ ਮ.ਪ.ਹ.ਵ., ਗਗਨਦੀਪ ਕੌਰ ਸੀ.ਐਚ.ਓ. ਵੀਰਪਾਲ ਕੌਰ ਆਸ਼ਾ ਫੈਸਿਲੀਟੇਟਰ,ਸੁਖਦੀਪ ਕੌਰ ਆਸ਼ਾ ਅੰਸ਼ ਕੋਆਡੀਨੇਟਰ ਹਾਜ਼ਰ ਸਨ। ਇਸ ਮੌਕੇ ਗੁਰਤੇਜ਼ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 30 ਸਾਲ ਤੋਂ ਵੱਧ ਉਮਰ ਦੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਾਰੀ ਸ਼ਹਿਰੀ ਤੇ ਪੇਂਡੂ ਵਸੋਂ ਦਾ ਸਰਵੇਖਣ ਕੀਤਾ ਜਾਵੇਗਾ। ਜਿਸ ਵਿੱਚ ਆਸ਼ਾ ਵਰਕਰਾਂ ਅਤੇ ਵਲੰਟੀਅਰਾਂ ਦੁਆਰਾ ਘਰ ਘਰ ਜਾ ਕੇ ਐਪ ਵਿੱਚ ਦਿੱਤੇ ਗਏ ਪ੍ਰੋਫਾਰਮੇ ਅਨੁਸਾਰ ਡਾਟਾ ਇਕੱਤਰ ਕੀਤਾ ਜਾਵੇਗਾ, ਜਿਸ ਨਾਲ ਹਰ ਇੱਕ ਇਲਾਕੇ ਦੀ ਕੋਵਿਡ ਸਥਿਤੀ ਦਾ ਅੰਦਾਜ਼ਾ ਅਤੇ ਮੁਕੰਮਲ ਸੂਚਨਾ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਕੋਲ ਉਪਲਬਧ ਹੋਵੇਗੀ । ਪਰਮਜੀਤ ਕੌਰ ਮ.ਪ.ਹ.ਵ. ਨੇ ਅਪੀਲ ਕੀਤੀ ਕਿ ਸਰਵੇ ਦੌਰਾਨ ਉਹਨਾਂ ਦੇ ਘਰ ਆਸ਼ਾ ਵਰਕਰ ਅਤੇ ਵਲੰਟੀਅਰ ਨੂੰ ਬਿਲਕੁਲ ਸਹੀ ਜਾਣਕਾਰੀ ਦਿੱਤੀ ਜਾਵੇ। ਤਾਂ ਜ਼ੋ ਕੋਰੋਨਾ ਦੀ ਮੁਕੰਮਲ ਰੋਕਥਾਮ ਹੋ ਸਕੇ ਅਤੇ ਸਾਡਾ ਜਿਲ੍ਹਾ ਅਤੇ ਰਾਜ ਕੋਰੋਨਾ ਤੋਂ ਮੁਕਤ ਰਹਿੰਦਿਆਂ ਤਰੱਕੀ ਕਰ ਸਕੇ। ਇਸ ਤੋਂ ਇਲਾਵਾ ਇਸ ਐਪ ਰਾਹੀਂ 30 ਸਾਲ ਤੋਂ ਘੱਟ ਉਮਰ ਦੇ ਨਾਗਰਿਕਾਂ, ਜ਼ੋ ਸਾਹ ਦੀ ਬਿਮਾਰੀ ਤੋਂ ਪੀੜਤ, ਹੋਰ ਗੰਭੀਰ ਸਹਿ-ਰੋਗਾਂ ਜਿਵੇਂ ਡਾਇਬਟੀਜ਼, ਦਿਲ ਦੇ ਰੋਗ, ਗੁਰਦੇ ਦੇ ਰੋਗ, ਜਿਗਰ ਦੇ ਰੋਗ, ਸਟ੍ਰੋਕ,ਟੀ.ਬੀ. ਆਦਿ ਦੇ ਸ਼ਿਕਾਰ ਵਿਅਕਤੀਆਂ ਨੂੰ ਅਤੇ ਕਰੋਨਾ ਦੇ ਲੱਛਣ ਵਾਲੇ ਵਿਅਕਤੀਆਂ ਨੂੰ ਵੀ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਹਿਤ ਸਿਰਫ਼ ਇਕ ਵਾਰ ਗਤੀਵਿਧੀ ਨਹੀਂ ਕੀਤੀ ਜਾਵੇਗੀ ਬਲਕਿ ਇਹ ਨਿਰੰਤਰ ਪ੍ਰਕਿਰਿਆ ਹੋਵੇਗੀ ਜਿਹੜੀ ਕੋਵਿਡ ਦੇ ਮੁਕੰਮਲ ਖਾਤਮੇ ਤੱਕ ਚੱਲੇਗੀ। ਸਰਵੇਖਣ ਤਹਿਤ ਹਰੇਕ ਵਿਅਕਤੀ ਦੀ ਪਿਛਲੇ ਇਕ ਹਫਤੇ ਤੋਂ ਪੂਰੀ ਮੈਡੀਕਲ ਸਥਿਤੀ ਅਤੇ ਕੋਰੋਨਾ ਦੇ ਨਾਲ-ਨਾਲ ਹੋਰਨਾਂ ਬਿਮਾਰੀਆਂ ਤੋਂ ਪੀੜਤ ਵਿਅਕਤੀ ਦਾ ਮੁਕੰਮਲ ਡਾਟਾ ਤਿਆਰ ਕੀਤਾ ਜਾਵੇਗਾ। ਇਸ ਨਾਲ ਬਹੁਤ ਹੀ ਮਹੱਤਵਪੂਰਨ ਡਾਟਾਬੇਸ ਤਿਆਰ ਹੋਵੇਗਾ ਜਿਹੜਾ ਕੋਵਿਡ ਨਾਲ ਨਜਿੱਠਣ ਲਈ ਅੱਗੇ ਦੀ ਰਣਨੀਤੀ ਉਲੀਕਣ ਲਈ ਮੱਦਦਗਾਰ ਸਾਬਤ ਹੋਵੇਗਾ । ਵੀਹ ਆਸ਼ਾ ਵਰਕਰਾਂ ਦੇ ਕੰਮ ਦੀ ਨਿਗਰਾਨੀ ਲਈ ਇੱਕ ਸੁਪਰਵਾਈਜ਼ਰ ਸਿੱਧੇ ਤੌਰ ਤੇ ਡਾਟੇ ਦੀ ਗੁਣਵੱਤਾ ਦੀ ਜਾਂਚ ਲਈ ਜ਼ਿੰਮੇਵਾਰ ਹੋਵੇਗਾ ਅਤੇ ਰੋਜ਼ਾਨਾ ਕੰਮ ਦੀ ਨਿਗਰਾਨੀ ਰੱਖੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਲੱਛਣ ਪਾਏ ਗਏ ਵਿਅਕਤੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇ। ਕਮਿਊਨਿਟੀ ਵਲੰਟੀਅਰਾਂ ਤੋਂ ਉਸ ਖੇਤਰ ਵਿੱਚ ਕੰਮ ਲਿਆ ਜਾਵੇਗਾ ਜਿੱਥੇ ਆਸ਼ਾ ਵਲੰਟੀਅਰ ਮੌਜੂਦ ਨਾ ਹੋਣ ਜਾਂ ਆਸ਼ਾ ਵਰਕਰ ਮੋਬਾਈਲ ਐਪ ਦੀ ਵਰਤੋਂ ਕਰਨ ਵਿੱਚ ਅਸਮਰੱਥ ਹੋਣ। ਕਮਿਊਨਿਟੀ ਵਲੰਟੀਅਰ ਕੋਈ ਵੀ ਔਰਤ ਹੋ ਸਕਦੀ ਹੈ ਜਿਸ ਦੀ ਉਮਰ 18 ਸਾਲ ਤੋਂ ਵੱਧ ਹੋਵੇ, 12ਵੀਂ ਜਾਂ ਇਸ ਤੋਂ ਵੱਧ ਵਿਦਿਅਕ ਯੋਗਤਾ ਹੋਵੇ ਅਤੇ ਉਸੇ ਪਿੰਡ ਜਾਂ ਵਾਰਡ ਦੀ ਵਸਨੀਕ ਹੋਵੇ। ਉਨ੍ਹਾਂ ਦੱਸਿਆ ਕਿ ਪੂਰੇ ਜਿਲ੍ਹੇ ਵਿਚ ਇਸ ਸਬੰਧੀ ਵਿਭਾਗ ਵੱਲੋਂ ਆਸ਼ਾ ਵਰਕਰਾਂ ਦੀ ਟ੍ਰੇਨਿੰਗ ਮੁਕੰਮਲ ਕਰਵਾ ਦਿੱਤੀ ਗਈ ਹੈ।