ਐਸ.ਡੀ.ਐਮ ਮਲੋਟ ਨੇ ਕੋਵਿਡ-19 ਮਿਸ਼ਨ ਤੋਂ ਫਤਹਿ ਲਈ ਜੀ.ਓ.ਜੀ ਨੂੰ ਦਿੱਤੀ ਹੱਲਾਸ਼ੇਰੀ

ਮਲੋਟ, 24 ਜੂਨ (ਆਰਤੀ ਕਮਲ) : ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਕੇ ਰੰਗ ਦਿਖਾ ਚੁੱਕੀ ਮਹਾਂਮਾਰੀ ਰੂਪੀ ਬਿਮਾਰੀ ਜਿਸਨੂੰ ਕੋਵਿਡ-19 ਦਾ ਨਾਮ ਦਿੱਤਾ ਗਿਆ ਹੈ ਇਸ ਸਮੇਂ ਵੱਡੇ ਵੱਡੇ ਵਿਕਸਤ ਦੇਸ਼ਾਂ ਨੂੰ ਮੁਸ਼ਕਲ ਸਥਿਤੀ ਵਿੱਚ ਪਾ ਚੁੱਕੀ ਹੈ । ਭਾਰਤ ਵਰਗੇ ਅਗਾਂਹਵਧੂ ਦੇਸ਼ ਵਿਚ ਵੀ ਭਾਵੇਂ ਸਰਕਾਰਾਂ ਨੇ ਸਮੇਂ ਸਿਰ ਲਾਕ ਡਾਊਨ ਵਰਗੇ ਫੈਸਲੇ ਕੀਤੇ ਪਰ ਲੱਗਭਗ ਤਿੰਨ ਮਹੀਨੇ ਬਾਅਦ ਸਥਿਤੀ ਫਿਰ ਵੀ ਫਿਸਫੋਟਕ ਹੁੰਦੀ ਜਾ ਰਹੀ ਹੈ ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਕ ਡਾਊਨ ਦੇ ਪਹਿਲੇ ਦਿਨ ਹੀ ਕਰਫਿਊ ਦਾ ਫੈਸਲਾ ਕਰ ਦਿੱਤਾ ਜਿਸ ਨਾਲ ਸਰਕਾਰ ਨੂੰ ਪੁਲਿਸ ਰਾਹੀਂ ਲੋਕਾਂ ਨੂੰ ਸਖਤੀ ਨਾਲ ਘਰਾਂ ਅੰਦਰ ਰੱਖਣਾ ਪਿਆ ਪਰ ਨਾਲ ਹੀ ਬਿਮਾਰੀ ਤੇ ਕਾਬੂ ਪਾਉਣ ਵਿਚ ਇਹ ਫੈਸਲਾ ਬਹੁਤ ਅਹਿਮ ਸਾਬਤ ਹੋਇਆ ਤੇ ਅੱਜ ਤਿੰਨ ਮਹੀਨਿਆਂ ਬਾਅਦ ਜਿਥੇ ਪੰਜਾਬ ਵਿਚ ਆਂਕੜੇ ਬਹੁਤ ਸੁਖਾਵੇਂ ਹਨ ਉਥੇ ਹੀ ਰਿਕਵਰੀ ਦਰ ਬਹੁਤ ਜਿਆਦਾ ਅਤੇ ਮੌਤ ਦਰ ਸੱਭ ਤੋਂ ਘੱਟ ਹੈ । ਸਮੇਂ ਅਨੁਸਾਰ ਸਥਿਤੀ ਨੂੰ ਦੇਖਦਿਆਂ ਸਰਕਾਰਾਂ ਨੇ ਲਾਕ ਡਾਊਨ ਖਤਮ ਕਰਕੇ ਬਹੁਤ ਸਾਰੀਆਂ ਛੋਟਾਂ ਦੇ ਦਿੱਤੀਆਂ ਹਨ ਤਾਂ ਜੋ ਲੋਕਾਂ ਦਾ ਜਨਜੀਵਨ ਫਿਰ ਤੋਂ ਲੀਹ ਤੇ ਆ ਸਕੇ । ਇਹਨਾਂ ਛੋਟਾਂ ਨਾਲ ਇਹ ਵੀ ਜਰੂਰੀ ਹੈ ਕਿ ਲੋਕ ਇਸ ਬਿਮਾਰੀ ਪ੍ਰਤੀ ਖੁਦ ਜਾਗਰੂਕ ਹੋਣ ਅਤੇ ਖੁਦ ਤੇ ਪਰਿਵਾਰ ਦਾ ਬਚਾਉ ਜਰੂਰੀ ਸਾਵਧਾਨੀਆਂ ਵਰਤ ਕੇ ਖੁਦ ਕਰਨ । ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਵੱਖ ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਦਿੱਤਾ ਗਿਆ ਹੈ । ਪੰਜਾਬ ਦੇ ਪਿੰਡਾਂ ਵਿਚ ਸਾਬਕਾ ਫੌਜੀਆਂ ਵਜੋਂ ਤੈਨਾਤ ਪੰਜਾਬ ਸਰਕਾਰ ਦੇ ਜੀ.ਓ.ਜੀ ਵੀ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹਨ । ਮਲੋਟ ਦੇ ਐਸ.ਡੀ.ਐਮ ਗੋਪਾਲ ਸਿੰਘ ਨੇ ਤਹਿਸੀਲ ਮਲੋਟ ਦੇ ਜੀਓਜੀ ਇੰਚਾਰਜ ਸਾਬਕਾ ਵਰੰਟ ਅਫਸਰ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਕੰਮ ਕਰ ਰਹੀ ਟੀਮ ਨੂੰ ਮਿਸ਼ਨ ਫਤਹਿ ਤਹਿਤ ਅੱਜ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਮਾਸਕ ਲਾਉਣ, ਵਾਰ ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਤੋਂ ਇਲਾਵਾ ਪਿੰਡਾਂ ਵਿਚ ਆਉਣ ਜਾਣ ਵਾਲੇ ਬਾਹਰ ਦੇ ਲੋਕਾਂ, ਮਜਦੂਰਾਂ ਪ੍ਰਤੀ ਵੀ ਸਾਰੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਜਾਵੇ । ਐਸਡੀਐਮ ਨੇ ਕਿਹਾ ਕਿ ਖੇਤਾਂ ਵਿਚ ਕੰਮ ਕਰ ਰਹੇ ਮਜਦੂਰਾਂ ਨੂੰ ਖੇਤਾਂ ਵਿਚ ਰਹਿਣ ਖਾਣ ਪੀਣ ਕੀਤਾ ਜਾਵੇ ਅਤੇ ਸਮੇਂ ਸਮੇਂ ਤੇ ਸਿਹਤ ਵਿਭਾਗ ਰਾਹੀਂ ਉਹਨਾਂ ਦੀ ਜਾਂਚ ਵੀ ਕਰਵਾਈ ਜਾਵੇ । ਇਸ ਮੌਕੇ ਸਮੂਹ ਜੀ.ਓ.ਜੀ ਨੂੰ ਮਿਸ਼ਨ ਫਤਹਿ ਦੇ ਬੈਚ ਅਤੇ ਪਿੰਡਾਂ ਵਿਚ ਵੰਡਣ ਲਈ ਪੰਫਲੈਟ ਵੀ ਦਿੱਤੇ ਗਏ । ਜੀ.ਓ.ਜੀ ਇੰਚਾਰਜ ਹਰਪ੍ਰੀਤ ਸਿੰਘ ਨੇ ਮਾਣਯੋਗ ਐਸ.ਡੀ.ਐਮ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਵਾਇਆ ਕਿ ਉਹਨਾਂ ਦੀ ਟੀਮ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਕਰੋਨਾ ਵਾਇਰਸ ਤੋਂ ਫਤਹਿ ਪ੍ਰਾਪਤ ਕਰਨ ਤੱਕ ਇਹ ਜੰਗ ਜਾਰੀ ਰਹੇਗੀ । ਇਸ ਮੌਕੇ ਡਾਟਾ ਐਂਟਰੀ ਓਪਰੇਟਰ ਨਵਜੋਤ ਸਿੰਘ, ਤਜਿੰਦਰ ਸਿੰਘ ਕਬਰਵਾਲਾ, ਦਰਸ਼ਨ ਸਿੰਘ ਕੱਟਿਆਂਵਾਲੀ, ਸੁਰਜੀਤ ਸਿੰਘ ਆਲਮਵਾਲਾ, ਜਗੀਰ ਸਿੰਘ ਰਾਣੀਵਾਲਾ, ਗੁਰਸੇਵਕ ਸਿੰਘ ਅਬੁਲਖੁਰਾਣਾ, ਅਮਰੀਕ ਸਿੰਘ ਕਟੋਰੇਵਾਲਾ, ਨਾਇਬ ਸਿੰਘ ਮੋਹਲਾਂ ਅਤੇ ਕੁਲਵੰਤ ਸਿੰਘ ਭਗਵਾਨਪੁਰਾ ਆਦਿ ਸਮੇਤ ਪੂਰੀ ਟੀਮ ਹਾਜਰ ਸੀ ।