ਡੇਰਾ ਪ੍ਰੇਮੀਆਂ ਨੂੰ ਹਾਈਕੋਰਟ ਦੀ ਫਟਕਾਰ-“ਪਟੀਸ਼ਨ ਦਾਇਰ ਕਰਦੇ ਸਮੇਂ ਦਿਮਾਗ ਦੀ ਵਰਤੋਂ ਕਰੋ”
ਮਲੋਟ:- ਡੇਰਾ ਸੱਚਾ ਸੌਦਾ ਮੁੱਖੀ ਰਾਮ ਰਹੀਮ ਦੇ ਅਸਲੀ-ਨਕਲੀ ਵਾਲੀ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਖਾਰਿਜ ਕਰ ਦਿੱਤੀ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਡੇਰਾ ਪ੍ਰੇਮੀਆਂ ਨੂੰ ਫਟਕਾਰ ਲਗਾਈ ਹੈ। ਹਾਈਕੋਰਟ ਨੇ ਪਟੀਸ਼ਨ ਦਾਇਰ ਕਰਨ ਵਾਲਿਆਂ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਇਹ ਕੋਈ ਫਿਲਮ ਨਹੀਂ ਚੱਲ ਰਹੀ ਹੈ। ਹਾਈਕੋਰਟ ਅਜਿਹੇ ਮਾਮਲਿਆਂ ਦੀ ਸੁਣਵਾਈ ਦੇ ਲਈ ਨਹੀਂ ਹੈ। ਲੱਗਦਾ ਹੈ ਕਿ ਤੁਸੀਂ ਕੋਈ ਫਿਕਸ਼ਨਲ ਫਿਲਮ ਦੇਖ ਲਈ ਹੈ। ਪੈਰੋਲ ‘ਤੇ ਆਇਆ ਰਾਮ ਰਹੀਮ ਗਾਇਬ ਕਿਵੇ ਹੋ ਗਿਆ? ਹਾਈਕੋਰਟ ਨੇ ਇਥੋਂ ਤੱਕ ਕਿਹਾ ਕਿ ਪਟੀਸ਼ਨ ਦਾਖਲ ਕਰਦੇ ਸਮੇਂ ਦਿਮਾਗ ਦੀ ਵਰਤੋਂ ਕਰਨੀ ਚਾਹੀਦੀ ਹੈ। ਚੰਡੀਗੜ੍ਹ, ਪੰਚਕੁਲਾ ਤੇ ਅੰਬਾਲਾ ਦੇ ਕੁੱਝ ਡੇਰਾ ਪ੍ਰੇਮੀਆਂ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਸ਼ੱਕ ਜਤਾਇਆ ਗਿਆ ਸੀ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਆਸ਼ਰਮ ਵਿੱਚ ਪਹੁੰਚਿਆ ਰਾਮ ਰਹੀਮ ਬਹਿਰੂਪੀਆ ਹੈ। ਜੋ ਕਿ ਅਸਲ ਰਾਮ ਰਹੀਮ ਵਰਗਾ ਨਹੀਂ ਹੈ। ਉੱਥੇ ਹੀ ਦੂਜੇ ਪਾਸੇ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਨੇ ਇਸ ਨੂੰ ਡੇਰਾ ਪ੍ਰੇਮੀਆਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਸੀ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆਏ ਡੇਰਾ ਮੁੱਖੀ ਵਿੱਚ ਕਾਫੀ ਬਦਲਾਅ ਦੇਖੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਕਥਿਤ ਡੇਰਾ ਮੁੱਖੀ ਦੀ ਵੀਡੀਓ ਜਾਰੀ ਕੀਤੀ। ਜਿਸ ਵਿੱਚ ਦਿਖਾਈ ਦਿੱਤਾ ਕਿ ਡੇਰਾ ਮੁੱਖੀ ਦਾ ਕੱਦ ਇੱਕ ਇੰਚ ਵਧ ਗਿਆ ਹੈ। ਉਂਗਲਾਂ ਦੀ ਲੰਬਾਈ ਅਤੇ ਪੈਰਾਂ ਦਾ ਆਕਾਰ ਵੀ ਵੱਧ ਗਿਆ ਹੈ। ਰਾਮ ਰਹੀਮ ਨੂੰ ਕੁੱਝ ਦਿਨ ਪਹਿਲਾਂ ਕੁੱਝ ਪੁਰਾਣੇ ਦੋਸਤ ਮਿਲੇ ਸੀ। ਜਿਨ੍ਹਾਂ ਨੂੰ ਉਹ ਪਛਾਣ ਨਹੀਂ ਸਕੇ। ਇਸ ਤੋਂ ਸਾਫ਼ ਹੈ ਕਿ ਉਹ ਨਕਲੀ ਡੇਰਾ ਮੁਖੀ ਹੈ।
Author: Malout Live