ਸਰਹਿੰਦ ਫੀਡਰ ਦੇ 20 ਕਿਲੋਮੀਟਰ ਹਿੱਸੇ ਦੀ ਉਸਾਰੀ ਜਾਰੀ ਕਿਸਾਨਾਂ ਨੂੰ ਮਿਲੇਗਾ ਸਿੰਚਾਈ ਲਈ ਪੂਰਾ ਪਾਣੀ
,
ਲੰਬੀ, ਸ੍ਰੀ ਮੁਕਤਸਰ ਸਾਹਿਬ:- ਪੰਜਾਬ ਦੇ ਜਲ ਸ੍ਰੋਤ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ ਨੇ ਆਖਿਆ ਹੈ ਕਿ ਸੂਬੇ ਦੇ ਸਾਰੇ ਕਿਸਾਨਾਂ ਨੂੰ ਜਰੂਰਤ ਅਤੇ ਤੈਅ ਮਾਤਰਾ ਅਨੁਸਾਰ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ।
ਮੰਗਲਵਾਰ ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਰਹਿੰਦ ਫੀਡਰ ਨਹਿਰ ਦੀ ਹੋ ਰਹੀ ਮੁੜ ਉਸਾਰੀ ਦੇ ਕੰਮ ਦਾ ਮੌਕੇ ਤੇ ਨਿਰੀਖਣ ਕਰਨ ਪਹੁੰਚੇ ਸਿੰਚਾਈ ਮੰਤਰੀ ਨੇ ਕਿਹਾ ਕਿ ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕਰਨ ਲਈ ਸਰਕਾਰ ਵੱਲੋਂ ਨਹਿਰਾਂ ਦੇ ਨਵੀਨੀਕਰਨ ਤੇ ਵਿਸੇਸ ਤਵੱਜੋਂ ਦਿੱਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸਰਹੰਦ ਫੀਡਰ ਨਹਿਰ ਦੇ 20 ਕਿਲੋਮੀਟਰ ਹਿੱਸੇ ਨੂੰ 90 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਉਸਾਰਿਆ ਜਾ ਰਿਹਾ ਹੈ।
ਇਸ ਨਾਲ ਇਸ ਨਹਿਰ ਦੀ ਪਾਣੀ ਢੋਣ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲੇਗਾ। ਪਿੰਡ ਖੁੱਡੀਆਂ ਤੋਂ ਲੋਹਗੜ ਹੈਡ ਤੱਕ ਇਸ ਨਹਿਰ ਦੀ ਮੁੜ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਸ ਮੌਕੇ ਸ: ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਜੌੜੀਆਂ ਨਹਿਰਾਂ ਵਜੋਂ ਜਾਣੀਆਂ ਜਾਂਦੀਆਂ ਸਰਹਿੰਦ ਫੀਡਰ ਅਤੇ ਇੰਦਰਾ ਗਾਂਧੀ ਫੀਡਰ ਦੀ ਮੁੜ ਉਸਾਰੀ ਦਾ 2000 ਕਰੋੜ ਰੁਪਏ ਦਾ ਪ੍ਰੋਜੈਕਟ ਆਰੰਭਿਆ ਗਿਆ ਹੈ। ਜਿਸ ਦੀ ਸੁਰੂਆਤ ਸਰਹਿੰਦ ਫੀਡਰ ਨਹਿਰ ਦੇ 20 ਕਿਲੋਮੀਟਰ ਹਿੱਸੇ ਦੀ ਹੋ ਰਹੀ ਉਸਾਰੀ ਨਾਲ ਹੋ ਗਈ ਹੈ। ਜਦ ਕਿ ਇੰਦਰਾ ਗਾਂਧੀ ਫੀਡਰ ਦਾ 30 ਕਿਲੋਮੀਟਰ ਹਿੱਸਾ ਅਤੇ ਸਰਹੰਦ ਫੀਡਰ ਦਾ ਹੋਰ 10 ਕਿਲੋਮੀਟਰ ਹਿੱਸਾ ਅਪ੍ਰੈਲ 2020 ਵਿਚ ਬਣਾਇਆ ਜਾਵੇਗਾ। ਉਨਾਂ ਨੇ ਕਿਹਾ ਕਿ ਇੰਨਾਂ ਦੋਹਾਂ ਨਹਿਰਾਂ ਦੇ 100 ਕਿਲੋਮੀਟਰ ਹਿੱਸੇ ਨੂੰ ਤਿੰਨ ਸਾਲਾਂ ਵਿਚ ਮੁੜ ਉਸਾਰਿਆਂ ਜਾਣਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਨਹਿਰਾਂ ਦੀ ਉਸਾਰੀ ਅਤਿ ਨਵੀਨਤਮ ਤਕਨੀਕ ਨਾਲ ਹੋ ਰਹੀ ਹੈ ਅਤੇ ਇੰਨਾਂ ਨਹਿਰਾਂ ਦੀ ਮਿਆਦ 100 ਸਾਲ ਹੋਵੇਗੀ ਅਤੇ ਇਸ ਨਾਲ ਪਾਣੀ ਦੀ ਸੀਪੇਜ ਘੱਟ ਜਾਵੇਗੀ ਜਿਸ ਨਾਲ ਰਾਜ ਦੇ ਦੱਖਣੀ ਪੱਛਮੀ ਜ਼ਿਲਿਆਂ ਵਿਚੋਂ ਸੇਮ ਦੀ ਸਮੱਸਿਆ ਘਟੇਗੀ ਉਥੇ ਹੀ ਕਿਸਾਨਾਂ ਨੂੰ ਸਿੰਚਾਈ ਲਈ ਪੂਰਾ ਪਾਣੀ ਮਿਲ ਸਕੇਗਾ। ਕੈਬਨਿਟ ਮੰਤਰੀ ਨੇ ਹੋਰ ਦੱਸਿਆ ਕਿ ਜਿਸ 100 ਕਿਲੋਮੀਟਰ ਹਿੱਸੇ ਦੀ ਰੀਲਾਈਨਿੰਗ ਹੋਣੀ ਹੈ ਉਸ ਵਿਚ 64 ਪੁਲਾਂ ਨੂੰ ਵੀ ਉੱਚਿਆਂ ਕਰਕੇ ਮੁੜ ਬਣਾਇਆ ਜਾਵੇਗਾ। ਇਹ ਸਾਰੇ ਪੁਲ ਸਿੰਗਲ ਸਪੈਨ ਹੋਣਗੇ ਜਿਸ ਨਾਲ ਪੁਲਾਂ ਹੇਠ ਕੇਲੀ ਫਸਣ ਦੀ ਮਸੱਸਿਆ ਦਾ ਵੀ ਹੱਲ ਹੋ ਜਾਵੇਗਾ। ਇੰਨਾਂ ਪੁੱਲਾਂ ਵਿਚ 6 ਰੇਲ ਲਾਈਨਾਂ ਦੇ ਪੁਲ ਵੀ ਸ਼ਾਮਿਲ ਹਨ। ਉਨਾਂ ਨੇ ਇਸ ਮੌਕੇ ਅਧਿਕਾਰੀਆਂ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਨਹਿਰਾਂ ਦੇ ਹੈਡਵਰਕਸ ਤੇ ਪਾਣੀ ਦੇ ਵਹਾਅ ਨੂੰ ਕੰਟਰੋਲ ਕਰਨ ਲਈ ਆਨਲਾਈਨ ਸਿਸਟਮ ਲਗਾਉਣ ਦੀਆਂ ਸੰਭਾਵਨਵਾਂ ਦਾ ਪਤਾ ਲਗਾਉਣ ਲਈ ਵੀ ਕਿਹਾ।
ਇਸ ਮੌਕੇ ਇਲਾਕੇ ਦੇ ਕਿਸਾਨਾਂ ਦਾ ਵਫਦ ਵੀ ਸਿੰਚਾਈ ਮੰਤਰੀ ਨੂੰ ਮਿਲਿਆ ਅਤੇ ਲਿਫਟ ਪੰਪਾਂ ਨਾਲ ਸਿੰਚਾਈ ਕਰਨ ਵਾਲੇ ਕਿਸਾਨਾਂ ਦੀਆਂ ਮੁਸਕਿਲਾਂ ਦੱਸੀਆਂ। ਜਿਸ ਤੇ ਸ: ਸੁਬਬਿੰਦਰ ਸਿੰਘ ਸਰਕਾਰੀਆਂ ਨੇ ਕਿਸਾਨਾਂ ਨੂੰ ਵਿਸਵਾਸ਼ ਦੁਆਇਆ ਕਿ ਸਰਕਾਰ ਕਿਸਾਨਾਂ ਨੂੰ ਆਬਪਾਸ਼ੀ ਅਨੁਸਾਰ ਤੈਅ ਮਾਤਰਾ ਵਿਚ ਸਿੰਚਾਈ ਲਈ ਪਾਣੀ ਪੁੱਜਦਾ ਕਰਨ ਲਈ ਵਚਨਬੱਧ ਹੈ। ਉਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨਾਂ ਨਾਲ ਪ੍ਰਮੁੱਖ ਸਕੱਤਰ ਸਿੰਚਾਈ ਵਿਭਾਗ ਸ: ਸਰਬਜੀਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ, ਐਸ.ਡੀ.ਐਮ. ਸ: ਗੋਪਾਲ ਸਿੰਘ, ਚੀਫ ਇੰਜਨੀਅਰ ਜਗਮੋਹਨ ਸਿੰਘ ਮਾਨ, ਨਿਗਰਾਨ ਇੰਜਨੀਅਰ ਸ: ਲਾਭ ਸਿੰਘ ਚਹਿਲ, ਕਾਰਜਕਾਰੀ ਇੰਜਨੀਅਰ ਸ੍ਰੀ ਮੁਖਤਿਆਰ ਸਿੰਘ ਰਾਣਾ, ਕਾਂਗਰਸ ਦੇ ਸਾਬਕਾ ਜ਼ਿਲਾ ਪ੍ਰਧਾਨ ਸ: ਗੁਰਮੀਤ ਸਿੰਘ ਖੁੱਡੀਆਂ, ਬਲਾਕ ਪ੍ਰਧਾਨ ਗੁਰਬਾਜ ਸਿੰਘ, ਪਾਲ ਸਿੰਘ, ਹਰਚਰਨ ਸਿੰਘ, ਬਲਕਾਰ ਸਿੰਘ, ਪਵਨ ਬਿਸ਼ਨੋਈ ਆਦਿ ਵੀ ਹਾਜਰ ਸਨ।