ਮੇਲਾ ਮਾਘੀ ਦੇ ਅਗੇਤੇ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ ਦਾ ਆਯੋਜਨ ਕੋਰੋਨਾ ਵਾਇਰਸ ਦੇ ਚੱਲਦਿਆਂ ਮੇਲਾ ਮਾਘੀ ਦੌਰਾਨ ਰੱਖੀ ਜਾਵੇਗੀ ਪੂਰੀ ਚੌਕਸੀ
,
ਸ੍ਰੀ ਮੁਕਤਸਰ ਸਾਹਿਬ :- ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਪਵਿੱਤਰ ਅਤੇ ਇਤਿਹਾਸਕ ਮਾਘੀ ਮੇਲੇ ਦੇ ਮੌਕੇ ਤੇ ਅਗੇਤੇ ਪ੍ਰਬੰਧ ਕਰਨ ਲਈ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਦਫਤਰ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਵਲੋਂ ਮਾਘੀ ਦੇ ਮੇਲੇ ਮੌਕੇ ਸ਼ਰਧਾਲੂਆਂ ਦੀ ਸਹੂਲਤਾਂ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ ਤਾਂ ਮੇਲੇ ਦੌਰਾਨ ਕਿਸੇ ਵੀ ਤਰਾਂ ਦੀ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੌਰਾਨ ਸਮੁੱਚੇ ਸ਼ਹਿਰ ਨੂੰ ਸੱਤ ਸੈਕਟਰਾਂ ਵਿੱਚ ਵੰਡਿਆ ਜਾਵੇਗਾ ਅਤੇ ਹਰੇਕ ਸੈਕਟਰ ਵਿਚ ਇੱਕ ਸੈਕਟਰ ਅਫਸਰ, ਇੱਕ ਡਿਊਟੀ ਮੈਜਿਸਟੈ੍ਰਟ ਅਤੇ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ ਜੋ ਕਿ ਆਪੋ ਆਪਣੇ ਸੈਕਟਰ ਵਿਚ ਸ਼ਰਧਾਲੂਆਂ ਲਈ ਬੁਨਿਆਦੀ ਸਹੁਲਤਾਂ ਦੇ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਸੱਤ ਸੈਕਟਰਾਂ ਵਿਚ ਇੱਕ ਇੱਕ ਮੈਡੀਕਲ ਟੀਮ ਦੀ ਤੈਨਾਤੀ ਤੋਂ ਇਲਾਵਾ ਇੱਕ ਟੀਮ ਗੁਰੂਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਅਤੇ ਲੋੜ ਅਨੁਸਾਰ ਮੋਬਾਇਲ ਟੀਮਾਂ ਤਾਇਨਾਤ ਕੀਤੀਆਂ ਜਾਣ। ਉਨਾਂ ਨੇ ਫੂਡ ਸਪਲਾਈ ਕੰਟਰੋਲਰ ਨੂੰ ਵਸਤਾਂ ਦੀ ਕਾਲਾ ਬਜਾਰੀ ਰੋਕਣ ਅਤੇ ਸਿਹਤ ਵਿਭਾਗ ਦੀ ਟੀਮ ਨਾਲ ਤਾਲਮੇਲ ਕਰਦਿਆਂ ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਰੋਕਣ ਲਈ ਨਮੁੰਨੇ ਲੈਣ ਦੇ ਆਦੇਸ਼ ਵੀ ਦਿੱਤੇ।
ਬੈਠਕ ਦੌਰਾਨ ਉਹਨਾਂ ਨਗਰ ਕੌਸਲ ਨੂੰ ਹਦਾਇਤ ਕੀਤੀ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਸ਼ਹਿਰ ਦੀ ਸਫਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਅਤੇ ਮੇਲੇ ਦੌਰਾਨ ਸੜਕਾਂ ਤੇ ਧੂੜ ਮਿੱਟੀ ਤੋਂ ਬਚਾਅ ਲਈ ਪਾਣੀ ਦਾ ਛਿੜਕਾ ਕੀਤਾ ਜਾਵੇ ਅਤੇ ਸੈਨੀਟਾਈਜਰ ਦੀ ਵਰਤੋ ਕੀਤੀ ਜਾਵੇ ਅਤੇ ਸਟਰੀਟ ਲਾਈਟਾਂ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਉਹਨਾ ਜਨ ਸਿਹਤ ਵਿਭਾਗ ਅਤੇ ਮੰਡੀ ਬੋਰਡ ਨੂੰ ਹਦਾਇਤ ਕੀਤੀ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਾਫ ਸੁਥਰਾ ਪੀਣ ਵਾਲਾ ਪਾਣੀ ਦੇ ਪ੍ਰਬੰਧ ਮੁਕੰਮਲ ਕਰਕੇ ਰੱਖਣ । ਮੇਲੇ ਦੌਰਾਨ ਟਰੈਫਿਕ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਲੋੜੀਦਾ ਪਲਾਨ ਤਿਆਰ ਕਰਕੇ ਰੱਖਣ ਤਾਂ ਜੋ ਟਰੈਫਿਕ ਦੀ ਕੋਈ ਸਮੱਸਿਆ ਪੇਸ਼ ਨਾ ਆਵੇ ਅਤੇ ਮੇਲੇ ਦੌਰਾਨ ਆਰਜੀ ਤੌਰ ਤੇ ਬੱਸ ਸਟੈਂਡ ਬਨਾਉਣ ਅਤੇ ਰਿਕਵਰੀ ਵੈਨਾਂ ਦਾ ਢੁਕਵਾਂ ਪ੍ਰਬੰਧ ਕਰਨ ਲਈ ਜਨਰਲ ਮੈਨੇਜਰ ਪੰਜਾਬ ਰੋਡਵੇਜ ਨੂੰ ਹਦਾਇਤਾਂ ਜਾਰੀ ਕੀਤੀਆਂ। ਮੇਲੇ ਦੌਰਾਨ ਸੀਵਰੇਜ ਦੀ ਸਮੱਸਿਆਂ ਤੇ ਕਾਬੂ ਪਾਉਣ ਅਤੇ ਆਰਜੀ ਤੌਰ ਤੇ ਟਾਈਲਟ ਬਨਾਉਣ ਲਈ ਜਨ ਸਿਹਤ ਵਿਭਾਗ ਨੂੰ ਅਦੇਸ਼ ਦਿੱਤੇ ਗਏ ਹਨ। ਮੀਟਿੰਗ ਦੌਰਾਨ ਨੂੰ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮੇਲਾ ਮਾਘੀ ਮੌਕੇ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਜਰੂਰੀ ਨਿਯਮਾਂ ਦੀ ਪਾਲਣਾਂ ਕੀਤੀ ਜਾਵੇ ।ਮੀਟਿੰਗ ਦੌਰਾਨ ਸ੍ਰੀਮਤੀ ਡੀ.ਸੁਡਰਵਿਲੀ ਐਸ.ਐਸ.ਪੀ., ਸ੍ਰੀ ਰਾਜੇਸ਼ ਤਿ੍ਰਪਾਠੀ ਏ.ਡੀ.ਸੀ ਜਨਰਲ, ਸ੍ਰੀ ਗੁਰਬਿੰਦਰ ਸਿੰਘ ਸਰਾਓ ਏ.ਡੀ.ਸੀ.ਡੀ, ਸ੍ਰੀ ਗਗਨਦੀਪ ਸਿੰਘ ਸਹਾਇਕ ਕਮਿਸ਼ਨਰ ਜਨਰਲ , ਸ੍ਰੀ ਸੁਮੇਰ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੀ ਹਾਜ਼ਰ ਸਨ।