ਮੰਡੀ ਵਿੱਚ ਝੋਨੇ ਦੀ ਖਰੀਦ ਲਈ ਮਾੜੇ ਪ੍ਰਬੰਧਾਂ ਕਰਕੇ ਕਿਸਾਨਾਂ ਨੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਲਗਾਇਆ ਧਰਨਾ

ਕਿਸਾਨਾਂ ਨੇ ਆਪਣੀਆਂ ਕੁੱਝ ਮੰਗਾਂ ਪ੍ਰਤੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਧਰਨਾ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮੌਰਚੇ ਨੂੰ ਤਦ ਤੱਕ ਜਾਰੀ ਰੱਖਣਗੇ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਜਾਣ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪ੍ਰੈੱਸ ਬਿਆਨ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਸੀਨੀਅਰ ਮੀਤ ਪ੍ਰਧਾਨ ਗੁਰਪਾਂਸ ਸਿੰਘ ਸਿੰਘੇਵਾਲਾ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਬਲਾਕ ਗਿੱਦੜਬਾਹਾ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਕਿਹਾ ਕਿ ਝੋਨਾ ਮੰਡੀਆਂ ਵਿੱਚ ਰੁਲ ਰਿਹਾ ਹੈ ਅਤੇ ਖਰੀਦ ਦੇ ਪ੍ਰਬੰਧ ਅਧੂਰੇ ਸਾਬਿਤ ਹੋ ਰਹੇ ਹਨ। ਕਿਸਾਨ ਮੰਡੀਆਂ ਵਿੱਚ 18 ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਨ। ਜਦੋਂ ਕਿ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਇਹ ਪੱਕਾ ਮੋਰਚਾ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਦਿਨ-ਰਾਤ ਜਾਰੀ ਰਹੇਗਾ।

ਇਨ੍ਹਾਂ ਮੰਗਾਂ ਅਨੁਸਾਰ ਝੋਨੇ ਦੀ ਪੂਰੇ ਐੱਮ.ਐੱਸ.ਪੀ ਤੇ ਨਿਰਵਿਘਨ ਖਰੀਦ ਚਾਲੂ ਕਰੋ ਅਤੇ ਹੁਣ ਤੱਕ ਘੱਟ ਰੇਟ ਤੇ ਵਿਕੇ ਝੋਨੇ ਦੀ ਕਮੀ ਦੀ ਪੂਰਤੀ ਕਰੋ ਸਿਫਾਰਸ਼ ਕੀਤੀ ਪੀ.ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਤੇ ਐੱਮ.ਐੱਸ.ਪੀ ਤੋਂ ਘੱਟ ਮੁੱਲ ਦੀ ਕਮੀ ਦੀ ਪੂਰਤੀ ਕਰੋ ਬਾਸਮਤੀ ਦਾ ਲਾਭਕਾਰੀ ਐੱਮ.ਐੱਸ.ਪੀ ਤੇ ਹੁਣ ਪਿਛਲੇ ਸਾਲ ਵਾਲੇ ਔਸਤ ਤੇ ਖ਼ਰੀਦ ਕਰਨ ਤੇ ਪੈ ਚੁੱਕੇ ਘਾਟੇ ਦੀ ਪੂਰਤੀ ਕਰੋ। ਝੋਨੇ ਦੀ ਨਮੀ ਹੱਦ 22% ਕਰੋ। ਮੰਡੀ ਮਜ਼ਦੂਰਾਂ, ਆੜਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਦੀ ਪੂਰਤੀ ਕਰੋ। ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਦੀ ਨੀਤੀ ਰੱਦ ਕਰੋ। ਨਵੇਂ ਚੌਲਾਂ ਦੀ ਸਟੋਰੇਜ ਲਈ ਸ਼ੈਲਰ ਮਾਲਕਾਂ ਦੇ ਜਮਾਂ ਪਏ ਚੌਲਾਂ ਦੀ ਚੁਕਾਈ ਤੇਜ਼ੀ ਨਾਲ ਕਰੋ ਪਰਾਲੀ ਸਾੜ੍ਹਨ ਤੋਂ ਬਗੈਰ ਨਿਪਟਾਰੇ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿਓ। ਪਹਿਲਾਂ ਚੁੱਕੇ ਗਏ ਸਾਰੇ ਕਦਮਾਂ ਨੂੰ ਵਾਪਿਸ ਲੈਣ ਦੀਆਂ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।

Author : Malout Live