ਬੇਰੁਜ਼ਗਾਰ ਓਵਰਏਜ਼ 7 ਮਈ ਨੂੰ ਜਲੰਧਰ ਵਿਖੇ ਕਰਨਗੇ ਰੋਸ ਪ੍ਰਦਰਸ਼ਨ- ਰਮਨ ਕੁਮਾਰ
ਮਲੋਟ: ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਮਲੋਟ ਅਤੇ ਮਲਟੀਪਰਪਜ਼ ਹੈੱਲਥ ਵਰਕਰ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਹੇਠ ਓਵਰਏਜ਼ ਬੇਰੁਜ਼ਗਾਰ 7 ਮਈ ਨੂੰ ਜਲੰਧਰ ਦੇ ਬਜ਼ਾਰਾਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਭੰਡੀ ਪ੍ਰਚਾਰ ਕਰਦੇ ਹੋਏ ਰੋਸ ਪ੍ਰਦਰਸ਼ਨ ਕਰਨਗੇ। ਯੂਨੀਅਨ ਦੀ ਸਰਕਾਰ ਤੋਂ ਮੰਗ ਹੈ ਕਿ ਸਿੱਖਿਆ ਅਤੇ ਸਿਹਤ ਮਹਿਕਮੇ ਵਿੱਚ ਉਮਰ ਹੱਦ ਛੋਟ ਦੇ ਕੇ ਖਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਜਲਦੀ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਸਟੇਜਾਂ ਉੱਤੇ ਓਵਰਏਜ਼ ਬੇਰੁਜ਼ਗਾਰਾਂ ਲਈ ਉਮਰ ਹੱਦ ਵਧਾਉਣ ਦੀ ਗੱਲ ਕੀਤੀ ਜਾਂਦੀ ਹੈ, ਪਰ ਸਰਕਾਰ ਨੇ ਮਾਸਟਰ ਕੇਡਰ 4161 ਅਤੇ ਈ.ਟੀ.ਟੀ 5994 ਪੋਸਟਾਂ ਵਿੱਚ ਸਰਕਾਰ ਵੱਲੋਂ ਲਾਰਾ ਲਾਉਣ ਦੇ ਬਾਵਜੂਦ ਉਮਰ ਹੱਦ ਛੋਟ ਨਹੀਂ ਦਿੱਤੀ ਗਈ। 20 ਅਪ੍ਰੈਲ ਨੂੰ ਸੀ.ਐੱਮ ਹਾਊਸ ਚੰਡੀਗੜ੍ਹ ਵਿਖੇ ਯੂਨੀਅਨ ਦੀ ਮੀਟਿੰਗ ਸੀ.ਐੱਮ ਮਾਨ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਸ੍ਰ. ਨਵਰਾਜ ਸਿੰਘ ਬਰਾੜ ਨਾਲ ਹੋਈ ਸੀ, ਜਿਸ ਵਿੱਚ ਯੂਨੀਅਨ ਨੂੰ ਇਕ ਹਫਤੇ ਵਿਚ ਮੰਗਾਂ ਸੰਬੰਧੀ ਸੀ.ਐੱਮ ਮਾਨ ਨਾਲ ਮੀਟਿੰਗ ਕਰਾਉਣ ਬਾਰੇ ਵਾਆਦਾ ਕੀਤਾ ਸੀ ਜੋ ਪੂਰਾ ਨਹੀਂ ਕੀਤਾ। ਸਰਕਾਰ ਦੀ ਇਸ ਵਾਅਦਾ ਖਿਲਾਫੀ ਕਰਕੇ ਅਤੇ ਆਪਣੀਆਂ ਮੰਗਾਂ ਨੂੰ ਯਾਦ ਕਰਵਾਉਂਦੇ ਹੋਏ ਓਵਰਏਜ਼ ਬੇਰੁਜ਼ਗਾਰ ਜਲੰਧਰ ਦੇ ਬਜ਼ਾਰਾਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਭੰਡੀ ਪ੍ਰਚਾਰ ਕਰਦੇ ਹੋਏ ਰੋਸ ਪ੍ਰਦਰਸ਼ਨ ਕਰਨਗੇ। ਬੇਰੁਜ਼ਗਾਰ ਆਗੂਆਂ ਨੇ ਮੰਗ ਕੀਤੀ ਕਿ ਨਿਯਮਾਂ ਵਿੱਚ ਸੋਧ ਕਰਕੇ ਭਰਤੀ ਦੀ ਉਮਰ ਹੱਦ 37 ਤੋਂ ਵਧਾ ਕੇ 42 ਸਾਲ ਕੀਤੀ ਜਾਵੇ, ਉਮਰ ਹੱਦ ਪਾਰ ਕਰ ਚੁੱਕੇ ਸਾਰੇ ਬੇਰੁਜ਼ਗਾਰਾਂ ਨੂੰ ਘੱਟੋ-ਘੱਟ ਇੱਕ ਮੌਕਾ ਦਿੱਤਾ ਜਾਵੇ, ਸਾਰੇ ਵਿਭਾਗਾਂ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕੀਤੇ ਜਾਣ। Author: Malout Live