ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ

ਮਲੋਟ: ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਿੱਧਵਾਂ ਵਿਖੇ ਬਾਲ ਦਿਵਸ ਨੂੰ ਸਮਰਪਿਤ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਅਤੇ ਸ੍ਰ. ਪਰਵਿੰਦਰ ਸਿੰਘ ਸਟੇਟ ਐਵਾਰਡੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੂਹੜੀ ਵਾਲਾ ਧੰਨਾ ਅਤੇ ਸ਼੍ਰੀ ਰਮਨ ਮਹਿਤਾ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਆਧਨੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨੇ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਮਾਗਮ ਵਿੱਚ ਆਪਣੀ ਆਮਦ ਨਾਲ ਸਕੂਲ ਦਾ ਮਾਣ ਵਧਾਇਆ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਤ ਰਾਮ ਨੇ ਆਏ ਹੋਏ ਮਹਿਮਾਨਾਂ ਦੀ ਜਾਣ-ਪਛਾਣ ਵਿਦਿਆਰਥੀਆਂ ਨਾਲ ਅਤੇ ਪਿੰਡ ਵਾਸੀਆਂ ਨਾਲ ਕਰਵਾਈ। ਸ਼੍ਰੀਮਤੀ ਹਰਪ੍ਰੀਤ ਕੌਰ ਲੈਕਚਰ ਅੰਗਰੇਜ਼ੀ ਨੇ ਰਸਮੀ ਤੌਰ ਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ।

ਸ਼੍ਰੀਮਤੀ ਅੰਮ੍ਰਿਤਪਾਲ ਕੌਰ ਅਤੇ ਸ਼੍ਰੀਮਤੀ ਰਾਜਵੀਰ ਕੌਰ ਨੇ ਸਟੇਜ ਸਕੱਤਰ ਵਜੋਂ ਭੂਮਿਕਾ ਨੂੰ ਬਾਖੂਬੀ ਨਿਭਾਉਂਦੇ ਹੋਏ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਰੰਗਾਂ-ਰੰਗ ਪ੍ਰੋਗਰਾਮ ਨੂੰ ਇੱਕ ਵੱਖਰੇ ਹੀ ਅੰਦਾਜ਼ ਵਿੱਚ ਪੇਸ਼ ਕੀਤਾ। ਗਿੱਧੇ, ਭੰਗੜੇ ,ਗੀਤ ਅਤੇ ਸਕਿੱਟ ਨੇ ਅਜਿਹਾ ਰੰਗ ਬੰਨਿਆ ਕਿ ਮਹਿਮਾਨਾਂ ਨੂੰ ਅੱਖ ਝਪਕਣ ਦਾ ਸਮਾਂ ਨਹੀਂ ਮਿਲਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀਆ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਦੀ ਪੇਸ਼ਕਾਰੀ ਤੋਂ ਖੁਸ਼ ਹੋ ਕੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਵੱਲੋਂ 21000/ ਅਤੇ ਸਾਬਕਾ ਸਰਪੰਚ ਸ੍ਰ. ਰਣਜੀਤ ਸਿੰਘ ਵੱਲੋਂ 10000/ਰੁਪਏ ਸਕੂਲ ਨੂੰ ਦਿੱਤੇ ਗਏ ਤਾਂ ਜੋ ਵਿਦਿਆਰਥੀਆਂ ਦੀ ਅਤੇ ਸਕੂਲ ਦੀ ਭਲਾਈ ਲਈ ਵਰਤੇ ਜਾ ਸਕਣ। ਸਮਾਗਮ ਵਿੱਚ ਸ਼ਾਮਿਲ ਹੋਰ ਮਾਨਯੋਗ ਸਖਸ਼ੀਅਤਾਂ ਨੇ ਵੀ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ। ਅੰਤ ਵਿੱਚ ਪ੍ਰਿੰਸੀਪਲ ਸੰਤ ਰਾਮ ਨੇ ਆਏ ਮਹਿਮਾਨਾਂ, ਵਿਦਿਆਰਥੀਆਂ, ਮਾਪਿਆਂ, ਪਿੰਡ ਵਾਸੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। Author: Malout Live