ਸੀ.ਐੱਚ.ਸੀ ਲੰਬੀ ਵਿਖੇ ਪੁਰਸ਼ਾਂ ਦੀ ਨਸਬੰਦੀ ਪੰਦਰਵਾੜੇ ਸੰਬੰਧੀ ਕੀਤੀ ਗਈ ਮੀਟਿੰਗ

ਮਲੋਟ (ਲੰਬੀ): ਸਿਵਲ ਸਰਜਨ ਡਾ. ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀ.ਐੱਚ.ਸੀ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਵਨ ਮਿੱਤਲ ਦੀ ਅਗਵਾਈ ਹੇਠ ਨਸਬੰਦੀ ਪੰਦਰਵਾੜੇ ਸੰਬੰਧੀ ਫੀਲਡ ਸਟਾਫ਼ ਦੀ ਮੀਟਿੰਗ ਕੀਤੀ ਗਈ। ਇਸ ਦੌਰਾਨ ਡਾ. ਪਵਨ ਮਿੱਤਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤ ਵਿਭਾਗ ਵੱਲੋਂ 21 ਨਵੰਬਰ ਤੋਂ 4 ਦਸੰਬਰ ਤੱਕ ਪੁਰਸ਼ਾਂ ਦੀ ਨਸਬੰਦੀ ਸੰਬੰਧੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਉਦੇਸ਼ ਨਸਬੰਦੀ ਬਾਰੇ ਸਮਾਜ ਵਿੱਚ ਖ਼ਾਸ ਕਰਕੇ ਯੋਗ ਜੋੜਿਆਂ ਵਿੱਚ ਚੇਤਨਾ ਲਿਆਉਣਾ ਅਤੇ ਪੁਰਸ਼ਾਂ ਵੱਲੋਂ ਪੁਰਸ਼ ਨਸਬੰਦੀ ਨੂੰ ਸਵੀਕਾਰ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਕਿਹਾ ਕਿ ਇਹ ਮਾਮੂਲੀ ਚੀਰਾ ਰਹਿਤ ਆਪ੍ਰੇਸ਼ਨ ਹੈ ਅਤੇ ਕੋਈ ਟਾਂਕਾ ਨਹੀਂ ਲਗਾਇਆ ਜਾਂਦਾ ਹੈ। ਜਿਸ ਦੇ ਕਰਵਾਉਣ ਨਾਲ ਪੁਰਸ਼ ਨੂੰ ਕੋਈ ਵੀ ਤਕਲੀਫ ਨਹੀਂ ਹੁੰਦੀ ਅਤੇ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਵਿਅਕਤੀ ਆਪਣੇ ਰੋਜ਼ਾਨਾ ਦੇ ਕੰਮ ਪਹਿਲਾਂ ਦੀ ਤਰ੍ਹਾਂ ਕਰ ਸਕਦਾ ਹੈ।

ਇਸ ਮੌਕੇ ਬੀ.ਈ.ਈ ਸ਼ਿਵਾਨੀ ਨੇ ਕਿਹਾ ਕਿ ਪੁਰਸ਼ ਨਸਬੰਦੀ ਨੂੰ ਲੈ ਕੇ ਸਮਾਜ ਵਿੱਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ, ਇਸ ਲਈ ਛੋਟਾ ਪਰਿਵਾਰ ਸੁਖੀ ਪਰਿਵਾਰ ਦੀ ਧਾਰਨਾ ਨੂੰ ਸਾਕਾਰ ਕਰਨ ਲਈ ਪੁਰਸ਼ਾਂ ਨੂੰ ਅੱਗੇ ਵਧ ਕੇ ਜ਼ਿੰਮੇਵਾਰੀ ਉਠਾਉਣੀ ਚਾਹੀਦੀ ਹੈ। ਇਸ ਮੌਕੇ ਐੱਸ.ਆਈ ਪ੍ਰਿਤਪਾਲ ਸਿੰਘ ਤੂਰ ਨੇ ਦੱਸਿਆ ਕਿ ਨਸਬੰਦੀ ਆਪ੍ਰੇਸ਼ਨ ਕਰਵਾਉਣ ਵਾਲੇ ਵਿਅਕਤੀ ਨੂੰ ਸਰਕਾਰ ਵੱਲੋਂ 1100 ਰੁਪਏ ਵਿੱਤੀ ਸਹਾਇਤਾ ਅਤੇ ਆਪ੍ਰੇਸ਼ਨ ਲਈ ਪ੍ਰੇਰਿਤ ਕਰਨ ਵਾਲੇ ਵਿਅਕਤੀ ਨੂੰ 200 ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਪਰਿਵਾਰ ਨਿਯੋਜਨ ਵਿੱਚ ਮਰਦਾਂ ਦੀ ਭਾਗੀਦਾਰੀ ਬੜਾ ਅਹਿਮ ਰੋਲ ਅਦਾ ਕਰ ਸਕਦੀ ਹੈ। ਇਸ ਮੌਕੇ ਬਲਾਕ ਲੰਬੀ ਦੇ ਮੇਲ ਵਰਕਰ, ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰ ਹਾਜ਼ਰ ਸਨ। Author: Malout Live