ਕਿਸਾਨਾਂ ਵੱਲੋਂ ਇਸ ਵਾਰ ਘੱਟ ਸਾੜੀ ਗਈ ਪਰਾਲੀ, ਅਗਲੇ ਸਾਲ ਤੱਕ ਅਸੀਂ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਕਰਾਂਗੇ ਕੋਸ਼ਿਸ਼- ਖੇਤੀਬਾੜੀ ਮੰਤਰੀ

ਮਲੋਟ (ਪੰਜਾਬ): ਕਿਸਾਨਾਂ ਵੱਲੋਂ ਪਰਾਲੀ ਨਾ ਸਾੜਨ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਲਗਾਤਾਰ ਅਣਥੱਕ ਯਤਨ ਕਰ ਰਹੀ ਹੈ। ਜਿਸ ਨੂੰ ਲੈ ਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰਕੇ ਕਿਹਾ ਕਿ "ਪਰਾਲੀ ਕਈ ਸਾਲ ਪੁਰਾਣੀ ਅਤੇ ਵੱਡੀ ਸਮੱਸਿਆ ਹੈ ਪਰ ਮੈਂਨੂੰ ਖੁਸ਼ੀ ਹੈ ਕਿ ਕਿਸਾਨ ਭਰਾਵਾਂ ਨੇ ਮੇਰੀ ਬੇਨਤੀ ਮੰਨ ਲਈ ਅਤੇ ਇਸ ਵਾਰ ਸਰਕਾਰ ਵੱਲੋਂ ਦਿੱਤੀਆਂ ਮਸ਼ੀਨਾਂ ਦੀ ਮੱਦਦ ਨਾਲ ਘੱਟ ਪਰਾਲੀ ਸਾੜੀ ਗਈ, ਅਗਲੇ ਸਾਲ ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ।" ਮੰਤਰੀ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਇਸ ਵਾਰ ਪਰਾਲੀ ਘੱਟ ਸੜੀ ਹੈ ਪਰ ਘੱਟ ਸੜੀ ਪਰਾਲੀ ਦਾ ਅੰਕੜਾ ਦੀ 50 ਹਜ਼ਾਰ ਦੇ ਕਰੀਬ ਹੈ ਅਤੇ ਮਾਹਿਰਾਂ ਦਾ ਅੰਦਾਜਾ ਹੈ ਕਿ ਇਹ ਅੰਕੜਾ 55 ਹਜ਼ਾਰ ਤੱਕ ਜਾਵੇਗਾ।

ਜੇ ਪਿਛਲੇ ਵਰ੍ਹੇ ਦੀ ਗੱਲ ਕੀਤੀ ਜਾਵੇ ਤਾਂ 20 ਨਵੰਬਰ ਨੂੰ 283 ਮਾਮਲੇ ਸਾਹਮਣੇ ਆਏ ਸੀ ਜਦੋਂ ਕਿ ਲੰਘੇ ਕੱਲ੍ਹ ਇਹ ਮਾਮਲੇ 368 ਸਨ। ਹਾਲਾਂਕਿ 2020 ਵਿੱਚ 15 ਸਤੰਬਰ ਤੋਂ 20 ਨਵੰਬਰ ਤੱਕ 75,986 ਕੇਸ ਸਾਮਹਣੇ ਆਏ ਸੀ ਅਤੇ ਉਸ ਤੋਂ ਅਗਲੇ ਸਾਲ ਯਾਨੀ ਕਿ 2021 ਵਿੱਚ ਇਹਨਾਂ ਦਿਨਾਂ ਵਿੱਚ 70,711 ਕੇਸ ਦਰਜ ਕੀਤੇ ਗਏ ਸੀ। ਜੇ ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ 49,283 ਕੇਸ ਦਰਜ ਕੀਤੇ ਗਏ ਹਨ, ਜੋ ਕਿ ਕਿਤੇ ਨਾ ਕਿਤੇ ਪਿਛਲੇ ਵਰ੍ਹਿਆਂ ਨਾਲੋਂ ਚੰਗੀ ਖ਼ਬਰ ਹੈ। ਸਰਕਾਰੀ ਅਧਿਕਾਰੀਆਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਸਮੱਸਿਆ ਬਿਲਕੁਲ ਖ਼ਤਮ ਹੋ ਜਾਵੇਗੀ। ਮਾਹਿਰਾਂ ਦੀ ਮੰਨੀਏ ਤਾਂ ਉਹਨਾਂ ਮੁਤਾਬਿਕ ਇਸ ਵਾਰ ਇਹ ਅੰਕੜਾ 55,000 ਤੋਂ ਘੱਟ ਰਹਿਣ ਦੀ ਉਮੀਦ ਹੈ। ਹਰ ਸੀਜ਼ਨ ਵਿੱਚ ਤਕਰੀਬਨ 15 ਮਿਲੀਅਨ ਟਨ ਪਰਾਲੀ ਸਾੜੀ ਜਾਂਦੀ ਹੈ ਜਿਹਨਾਂ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਸੰਗਰੂਰ, ਫਿਰੋਜ਼ਪੁਰ, ਮਾਨਸਾ, ਬਠਿੰਡਾ ਅਤੇ ਅੰਮ੍ਰਿਤਸਰ ਤੋਂ ਸਾਹਮਣੇ ਆਉਂਦੇ ਹਨ। Author: Malout Live