ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆ ਵਰਤਣ ਦੀ ਅਪੀਲ- ਡਾ. ਰੀਟਾ ਬਾਲਾ ਸਿਵਲ ਸਰਜਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਹਵਾ ਵਿੱਚ ਵੱਧ ਰਹੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਇਸ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਵਾ ਵਿੱਚ ਧੂੰਏ ਦਾ ਨੁਕਸਾਨ ਵੈਸੇ ਤਾਂ ਹਰੇਕ ਮਨੁੱਖ ਅਤੇ ਜੀਵ-ਜੰਤ ਨੂੰ ਹੈ ਪਰ ਇਹ ਛੋਟੇ ਬੱਚੇ,ਬਜ਼ੁਰਗ,ਸ਼ੂਗਰ,ਦਿਲ ਦੀਆਂ ਬਿਮਾਰੀਆਂ,ਦਮਾ ਜਾਂ ਸਾਹ ਨਾਲੀ ਦੀਆਂ ਪੁਰਾਣੀਆਂ ਰੁਕਾਵਟਾਂ ਵਾਲੀਆਂ ਬਿਮਾਰੀਆਂ ਵਰਗੀਆਂ ਸਥਿਤੀਆਂ ਵਾਲੇ ਲੋਕਾਂ ਲਈ ਘਾਤਕ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦੇ ਆਮ ਲੱਛਣ ਹਨ ਜਿਵੇਂ ਕਿ ਖੰਘ,ਸਾਹ ਚੜ੍ਹਨਾ,ਪਾਣੀ ਭਰਿਆ ਨੱਕ,ਅੱਖਾਂ ਵਿੱਚ ਰੜਕ ਅਤੇ ਸਿਰ ਭਾਰੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦੂਸ਼ਣ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਘਰਾਂ ਵਿੱਚ ਰਿਹਾ ਜਾਵੇ ਅਤੇ ਬਿਨ੍ਹਾਂ ਜ਼ਰੂਰੀ ਕੰਮ ਤੋਂ ਬਾਹਰ ਨਾ ਜਾਇਆ ਜਾਵੇ। ਕਮਜ਼ੋਰ ਵਿਅਕਤੀਆਂ,ਬੱਚਿਆਂ, ਬਜ਼ੁਰਗਾਂ ਅਤੇ ਸਿਹਤ ਸਮੱਸਿਆਵਾਂ ਵਾਲੇ ਵਿਅਕਤੀਆਂ ਲਈ ਜਿੰਨ੍ਹਾਂ ਸੰਭਵ ਹੋ ਸਕੇ
ਘਰ ਦੇ ਅੰਦਰ ਰਹਿਣ ਤੇ ਖਾਸ ਕਰਕੇ ਭੀੜ ਵਾਲੇ ਖੇਤਰਾਂ ਅਤੇ ਬਾਜ਼ਾਰਾਂ ਵਿੱਚ ਨਾ ਜਾਣ। ਧੂੰਏ ਵਿੱਚ ਸਵੇਰ ਦੀ ਸੈਰ ਤੋਂ ਬਚੋ ਅਤੇ ਘਰ ਦੇ ਦਰਵਾਜੇ ਅਤੇ ਖਿੜਕੀਆਂ ਬੰਦ ਰੱਖੋ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਗਰਭਵਤੀ ਔਰਤਾਂ ਤੇ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ ਅਤੇ ਉਹ ਖੁੱਦ ਜਾਂ ਉਨ੍ਹਾਂ ਦਾ ਬੱਚਾ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਘੱਟ ਵਜ਼ਨ ਦੇ ਬੱਚੇ ਦਾ ਜਨਮ,ਮਰੇ ਹੋਏ ਬੱਚੇ ਦਾ ਜਨਮ ਅਤੇ ਬੱਚੇ ਵਿਚ ਗੰਭੀਰ ਜਮਾਂਦਰੂੰ ਨੁਕਸ ਹੋ ਸਕਦੇ ਹਨ। ਪ੍ਰਦੂਸ਼ਣ ਤੋਂ ਬਚਣ ਲਈ ਫੇਸ ਮਾਸਕ ਹਰ ਕਿਸੇ ਲਈ ਫਾਇਦੇਮੰਦ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਿਸਾਨਾਂ ਦੇ ਨਾਲ-ਨਾਲ ਸਮਾਜ ਦਾ ਹਰ ਵਿਅਕਤੀ ਆਪਣੀ ਜਿੰਮੇਵਾਰੀ ਸਮਝੇ। ਉਨ੍ਹਾਂ ਕਿਹਾ ਕਿ ਸਿਹਤ ਸੰਬੰਧੀ ਸਮੱਸਿਆ ਆਉਣ ਤੇ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ ਅਤੇ ਆਪੇ ਦਵਾਈਆਂ ਲੈਣ ਤੋਂ ਪ੍ਰਹੇਜ਼ ਕੀਤਾ ਜਾਵੇ। ਇਸ ਮੌਕੇ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ,ਡਾ. ਬੰਦਨਾ ਬਾਂਸਲ ਡੀ.ਐੱਮ.ਸੀ,ਡਾ. ਦੁਪਿੰਦਰ ਕੁਮਾਰ ਡੀ.ਐੱਚ.ਓ,ਡਾ. ਸੰਦੀਪ ਕੌਰ,ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ ਹਾਜ਼ਿਰ ਸਨ। Author: Malout Live