1286 ਲੱਖ ਰੁਪਏ ਨਾਲ ਮਲੋਟ ਹਲਕੇ ਦੇ ਪਿੰਡਾਂ ਵਿੱਚੋਂ ਪਾਣੀ ਦੀ ਨਿਕਾਸੀ ਲਈ 47 ਹਜ਼ਾਰ ਫੁੱਟ ਲੰਬੀ ਪਾਇਪ-ਲਾਇਨ ਹੋਈ ਮੰਨਜੂਰ- ਡਾ. ਬਲਜੀਤ ਕੌਰ
ਮਲੋਟ: ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਲੋਟ ਹਲਕੇ ਦੇ ਪਿੰਡਾਂ ਵਿੱਚੋਂ ਬਾਰਿਸ਼ਾਂ ਦੇ ਪਾਣੀ ਦੀ ਤੇਜ਼ੀ ਨਾਲ ਨਿਕਾਸੀ ਲਈ 1286.22 ਲੱਖ ਰੁਪਏ ਨਾਲ 47 ਹਜ਼ਾਰ 300 ਫੁੱਟ ਲੰਬੀ ਪਾਇਪ ਲਾਇਨ ਪਾਉਣ ਦਾ ਪ੍ਰੋਜ਼ੈਕਟ ਮੰਨਜੂਰ ਕੀਤਾ ਗਿਆ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਹਲਕੇ ਦੇ ਕਈ ਪਿੰਡਾਂ ਦੀ ਆਬਾਦੀ ਨੀਵੇਂ ਥਾਂਵਾਂ ਤੇ ਹੈ ਅਤੇ ਅਕਸਰ ਬਾਰਿਸ਼ਾਂ ਸਮੇਂ ਇੱਥੇ ਪਾਣੀ ਭਰ ਜਾਂਦਾ ਹੈ ਜਦ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਵੀ ਢੁੱਕਵਾਂ ਪ੍ਰਬੰਧ ਨਹੀਂ ਸੀ। ਜਿਸ ਕਾਰਨ ਅਜਿਹੇ ਪਿੰਡਾਂ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਮੀਂਹ ਦਾ ਪਾਣੀ ਕਈ ਕਈ ਦਿਨ ਤੱਕ ਖੜ੍ਹਾ ਰਹਿੰਦਾ ਸੀ। ਜਿਸ ਨਾਲ ਬਿਮਾਰੀ ਫੈਲਣ ਦੇ ਡਰ ਦੇ ਨਾਲ ਨਾਲ ਇਸ ਨਾਲ ਘਰਾਂ ਨੂੰ ਵੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਸੀ। ਪਰ ਹੁਣ ਪੰਜਾਬ ਸਰਕਾਰ ਨੇ ਇੰਨ੍ਹਾਂ ਪਿੰਡਾਂ ਤੋਂ ਪਾਇਪ ਲਾਇਨ ਪਾ ਕੇ ਪਾਣੀ ਦੀ
ਨਿਕਾਸੀ ਕਰਨ ਦਾ ਪ੍ਰੋਜ਼ੈਕਟ ਪ੍ਰਵਾਨ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾ ਪ੍ਰੋਜ਼ੈਕਟਾਂ ਤੇ ਕੰਮ ਝੋਨੇ ਦੀ ਵਾਢੀ ਤੋਂ ਬਾਅਦ ਸ਼ੁਰੂ ਕਰਵਾ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਚਿੱਬੜਾਂਵਾਲੀ ਅਤੇ ਖੁੰਨਣ-ਖੁਰਦ ਵਿੱਚੋਂ ਪਾਣੀ ਦੀ ਨਿਕਾਸੀ ਲਈ 486.43 ਲੱਖ ਰੁਪਏ ਨਾਲ 18000 ਫੁੱਟ ਲੰਬੀ ਪਾਇਪ ਪਾਈ ਜਾਵੇਗੀ। ਇਸੇ ਤਰਾਂ ਪਿੰਡ ਲਖਮੀਰੇਆਣਾ ਵਿੱਚ 390.52 ਲੱਖ ਰੁਪਏ ਨਾਲ 14000 ਫੁੱਟ ਲੰਬੀ ਪਾਇਪ ਲਾਇਨ ਵਿਛਾਈ ਜਾਵੇਗੀ। ਪਿੰਡ ਬਾਮ ਵਿੱਚ 218.37 ਲੱਖ ਰੁਪਏ ਨਾਲ 6300 ਫੁੱਟ ਲੰਬੀ ਪਾਇਪ ਲਾਇਨ ਵਿਛਾਈ ਜਾਵੇਗੀ। ਪਿੰਡ ਰੱਥੜੀਆਂ ਵਿੱਚ 218.37 ਲੱਖ ਰੁਪਏ ਨਾਲ 9000 ਫੁੱਟ ਲੰਬੀ ਪਾਇਪ ਲਾਇਨ ਪਾਈ ਜਾਵੇਗੀ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇੰਨ੍ਹਾਂ ਪ੍ਰੋਜ਼ੈਕਟਾਂ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਨਿਰੰਤਰ ਪ੍ਰੋਜ਼ੈਕਟ ਬਣਾ ਕੇ ਲਾਗੂ ਕੀਤੇ ਜਾ ਰਹੇ ਹਨ। ਇਹ ਪਾਇਪ ਲਾਈਨ ਪਾਉਣ ਦਾ ਕੰਮ ਜਲ ਸਰੋਤ ਵਿਭਾਗ ਦੀ ਡ੍ਰੇਨਜ਼ ਕਮ ਮਾਇਨਿੰਗ ਐਂਡ ਜਿਓਲੌਜੀ ਡਿਵੀਜ਼ਨ ਵੱਲੋਂ ਕਰਵਾਇਆ ਜਾਵੇਗਾ। Author: Malout Live