ਪੁਰਅਦਬ ਕੌਰ ਨੂੰ ਮਿਲੇਗਾ 'ਤਾਰੇ ਭਲਕ ਦੇ' ਪੁਰਸਕਾਰ

ਮਲੋਟ: ਮਲੋਟ ਸ਼ਹਿਰ ਦੇ ਸਾਹਿਤਕ ਪਰਿਵਾਰ ਦੀ ਤੀਜੀ ਪੀੜ੍ਹੀ ਪੁਰਅਦਬ ਕੌਰ ਜਿਸਨੇ 8 ਸਾਲ ਦੀ ਉਮਰ ਵਿੱਚ ਸਫ਼ਰਨਾਮਾ ਲਿਖ ਕੇ ਪਹਿਲਾਂ ਇੰਡੀਆ ਤੇ ਫਿਰ ਏਸ਼ੀਆ ਦੀ ਸਭ ਤੋਂ ਘੱਟ ਉਮਰ ਦੀ ਸਫ਼ਰਨਾਮਾ ਲੇਖਕ ਹੋਣ ਦਾ ਖ਼ਿਤਾਬ ਹਾਸਿਲ ਕੀਤਾ, ਇੱਕ ਵਾਰ ਫਿਰ ਮਲੋਟ ਸ਼ਹਿਰ ਦਾ ਨਾਂ ਰੁਸ਼ਨਾਉਣ ਵਿਚ ਸਫ਼ਲ ਹੋਈ ਹੈ। ਹੁਣ ਪੁਰਅਦਬ ਨੂੰ 'ਤਾਰੇ ਭਲਕ ਦੇ ਪ੍ਰਤਿਭਾ ਮੰਚ ਪਟਿਆਲਾ' ਵੱਲੋਂ ਉਸਦੇ ਲਿਖੇ ਸਫ਼ਰਨਾਮਾ 'ਵਾਕਿੰਗ ਆੱਨ ਕਲਾਊਡਸ' ਲਈ 'ਸਰਵੋਤਮ ਪੁਸਤਕ ਪੁਰਸਕਾਰ' ਲਈ ਚੁਣਿਆ ਗਿਆ ਹੈ। 'ਤਾਰੇ ਭਲਕ ਦੇ ਪ੍ਰਤਿਭਾ ਮੰਚ ਪਟਿਆਲਾ' ਦੇ ਕਾਰਜ ਕਰਤਾ ਉੱਘੇ ਲੇਖਕ ਸਤਪਾਲ ਭੀਖੀ ਅਤੇ ਜਸਪ੍ਰੀਤ ਸਿੰਘ ਜਗਰਾਓਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਉਹਨਾਂ ਵੱਲੋਂ ਚਾਰ ਪੁਰਸਕਾਰ ਦਿੱਤੇ ਜਾ ਰਹੇ ਹਨ।

ਜਿਸ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਰਅਦਬ ਕੌਰ, ਸ਼ਹੀਦ ਭਗਤ ਸਿੰਘ ਨਗਰ ਦੀ ਗੁਰਅਮਾਨਤ ਕੌਰ, ਫ਼ਰੀਦਕੋਟ ਦਾ ਗੁਰਸ਼ਾਨ ਸਿੰਘ, ਮਾਨਸਾ ਦੀ ਪਰਵਾਜ਼ਪ੍ਰੀਤ ਕੌਰ ਨੂੰ ਚੁਣਿਆ ਗਿਆ ਹੈ। ਇਹਨਾਂ ਜੇਤੂਆਂ ਨੂੰ ਸਨਮਾਨ ਚਿੰਨ੍ਹ, ਇਨਾਮ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਜਲਦ ਹੀ ਉਹਨਾਂ ਦੇ ਘਰ ਜਾਂ ਸਕੂਲ ਵਿੱਚ ਭੇਂਟ ਕੀਤਾ ਜਾਵੇਗਾ। ਇਲਾਕੇ ਦੇ ਸਾਹਿਤ ਪ੍ਰੇਮੀਆਂ, ਅਧਿਆਪਕਾਂ, ਸਮਾਜ ਸੇਵੀਆਂ ਨੇ ਪੁਰਅਦਬ ਕੌਰ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਜ਼ਿਕਰਯੋਗ ਹੈ ਕਿ ਪੁਰਅਦਬ ਕੌਰ ਸ਼ਾਇਰ ਮੰਗਲ ਮਦਾਨ ਅਤੇ ਕੁਲਵੰਤ ਕੌਰ ਦੀ ਪੋਤੀ ਅਤੇ ਪ੍ਰੋ. ਗੁਰਮਿੰਦਰ ਜੀਤ ਕੌਰ ਅਤੇ ਰਿਸ਼ੀ ਹਿਰਦੇਪਾਲ ਦੀ ਧੀ ਹੈ। Author: Malout Live