ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ, ਸਾਲ ਦੇ ਅਖ਼ੀਰ ਤੱਕ ਮਿਲੇਗਾ ਫਿਰ ਵੱਡਾ ਲਾਭ
ਮਲੋਟ(ਸ਼੍ਰੀ ਮੁਕਤਸਰ ਸਾਹਿਬ, ਪੰਜਾਬ): ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਕੇਂਦਰ ਸਰਕਾਰੀ ਦੀ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਲੁਧਿਆਣਾ ਜਿਲ੍ਹੇ ਨਾਲ ਸੰਬੰਧਿਤ 4.25 ਲੱਖ ਰਾਸ਼ਨ ਕਾਰਡਧਾਰੀਆਂ ਨੂੰ ਕਣਕ ਵੰਡਣ ਲਈ ਐਲੋਕੇਸ਼ਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ 'ਚ ਵਿਭਾਗ ਵੱਲੋਂ ਯੋਜਨਾ ਨਾਲ ਜੁੜੇ ਉਕਤ ਲਾਭਪਾਤਰ ਪਰਿਵਾਰਾਂ ਦੇ ਲਗਭਗ 16,34,724 ਮੈਂਬਰਾਂ ਨੂੰ ਇਕ ਵਾਰ ਫਿਰ 3 ਮਹੀਨਿਆਂ ਦੇ ਹਿਸਾਬ ਨਾਲ ਪ੍ਰਤੀ ਮੈਂਬਰ 15 ਕਿੱਲੋ ਮੁਫ਼ਤ ਅਨਾਜ ਦਿੱਤਾ ਜਾਵੇਗਾ। ਇਸ 'ਚ ਡਿੱਪੂ ਹੋਲਡਰ ਵੱਲੋਂ ਲਾਭਪਾਤਰ ਪਰਿਵਾਰਾਂ ਨੂੰ ਰਾਸ਼ਨ ਕਾਰਡ 'ਚ ਦਰਜ ਪ੍ਰਤੀ ਮੈਂਬਰ 5 ਕਿੱਲੋ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕੁੱਲ 15 ਕਿੱਲੋ ਕਣਕ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਸਰਕਾਰੀ ਅੰਕੜਿਆਂ ਮੁਤਾਬਿਕ ਕਾਰਡਧਾਰੀ ਪਰਿਵਾਰਾਂ ਨੂੰ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਦਾ 3 ਮਹੀਨਿਆਂ ਦਾ ਮੁਫ਼ਤ ਅਨਾਜ ਮੁਹੱਈਆ ਕਰਵਾਉਣ ਲਈ ਜਲਦ ਹੀ ਰਾਸ਼ਨ ਡਿੱਪੂਆਂ ’ਤੇ ਕਣਕ ਦੇ ਵੱਡੇ ਸਟਾਕ ਉਤਾਰਨੇ ਸ਼ੁਰੂ ਹੋ ਜਾਣਗੇ, ਜਿਸ ਦੇ ਲਈ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਆਲਾ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੀ ਟੀਮ ਬਣਾ ਦਿੱਤੀ ਗਈ ਹੈ, ਤਾਂ ਜੋ ਯੋਜਨਾ ਨਾਲ ਜੁੜੇ ਹਰ ਪਰਿਵਾਰ ਤੱਕ ਸਮਾਂ ਰਹਿੰਦੇ ਅਨਾਜ ਪਹੁੰਚਾਇਆ ਜਾ ਸਕੇ।
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਰਾਸ਼ਨ ਕਾਰਡਧਾਰੀ ਪਰਿਵਾਰਾਂ ਨੂੰ ‘ਨੈਸ਼ਨਲ ਫੂਡ ਸਕਿਓਰਟੀ ਐਕਟ ਯੋਜਨਾ’ ਤਹਿਤ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤੀ ਜਾਣ ਵਾਲੀ ਸਰਕਾਰੀ ਕਣਕ ਯੋਜਨਾ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਦੇ ਸਾਂਚੇ 'ਚ ਢਾਲ ਕੇ 1 ਜਨਵਰੀ ਤੋਂ ਲੈ ਕੇ 31 ਦਸੰਬਰ 2023 ਤੱਕ 1 ਸਾਲ ਦੇ ਸਮੇਂ ਲਈ ਬਿਲਕੁਲ ਮੁਫ਼ਤ 'ਚ ਵੰਡਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੰਟਰੋਲਰ ਸੰਜੇ ਸ਼ਰਮਾ ਨੇ ਕਿਹਾ ਕਿ ਹਾਲ ਦੀ ਘੜੀ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਟੀਮਾਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਦੇ ਖ਼ਰੀਦ ਪ੍ਰਬੰਧਾਂ 'ਚ ਜੁੱਟੀਆਂ ਹੋਈਆਂ ਹਨ। ਸ਼ਰਮਾ ਨੇ ਕਿਹਾ ਕਿ ਨਵੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਤੱਕ ਮੰਡੀਆਂ ਦਾ ਕੰਮ ਮੁਕੰਮਲ ਹੁੰਦੇ ਹੀ ਰਾਸ਼ਨ ਡਿੱਪੂਆਂ ’ਤੇ ਅਨਾਜ ਵੰਡਣ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਯੋਜਨਾ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਨੂੰ ਆਪਣੇ ਅਧਿਕਾਰੀਆਂ ਦੇ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਰਡਧਾਰੀ ਰਾਸ਼ਨ ਡਿੱਪੂ ਹੋਲਡਰਾਂ ਤੋਂ ਸਰਕਾਰੀ ਪਰਚੀ ਅਤੇ ਰਾਸ਼ਨ ਕਾਰਡ 'ਚ ਦਰਜ਼ ਮੈਂਬਰਾਂ ਦੇ ਮੁਤਾਬਿਕ ਕਣਕ ਦੇਣ ਦੀ ਮੰਗ ਕਰੇ ਅਤੇ ਜੇਕਰ ਕੋਈ ਡਿੱਪੂ ਹੋਲਡਰ ਕਾਰਡਧਾਰੀ ਨੂੰ ਕਣਕ ਘੱਟ ਦਿੰਦਾ ਹੈ ਤਾਂ ਇਸ ਦੀ ਸ਼ਿਕਾਇਤ ਤੁਰੰਤ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕੀਤੀ ਜਾਵੇ। Author: Malout Live