ਪੰਜਾਬ ਵਿੱਚ ਲਗਾਏ ਜਾਣਗੇ 300 ਮੈਗਾਵਾਟ ਦੇ ਕੈਨਾਲ ਟੌਪ 'ਤੇ ਫਲੋਟਿੰਗ ਸੋਲਰ ਪਾਵਰ ਪ੍ਰਾਜੈਕਟ- ਅਮਨ ਅਰੋੜਾ

ਮਲੋਟ (ਪੰਜਾਬ):  ਕੁਦਰਤੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੁੱਲ 300 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪਾਵਰ ਫੋਟੋਵੋਲਟੈਕ (ਪੀ.ਵੀ) ਪ੍ਰਾਜੈਕਟ ਲਗਾਉਣ ਦਾ ਫੈਂਸਲਾ ਕੀਤਾ ਗਿਆ, ਜਿਹਨਾਂ ਵਿੱਚ 200 ਮੈਗਾਵਾਟ ਦੇ ਕੈਨਾਲ ਟਾਪ ਸੋਲਰ ਪੀ.ਵੀ ਪਾਵਰ ਪ੍ਰਾਜੈਕਟ ਅਤੇ ਜਲ ਭੰਡਾਰਾਂ ਅਤੇ ਝੀਲਾਂ ਉੱਤੇ ਲਗਾਏ ਜਾਣ ਵਾਲੇ 100 ਮੈਗਾਵਾਟ ਦੇ ਫਲੋਟਿੰਗ ਸੋਲਰ ਪੀ.ਵੀ ਪਾਵਰ ਪ੍ਰਾਜੈਕਟ ਸ਼ਾਮਿਲ ਹਨ। ਇਹ ਅਹਿਮ ਫੈਂਸਲਾ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਅਮਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ।

ਇਸ ਦੌਰਾਨ ਅਮਨ ਅਰੋੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪ੍ਰਸਤਾਵਿਤ 200 ਮੈਗਾਵਾਟ ਦੇ ਕੈਨਾਲ ਟਾਪ ਸੋਲਰ ਪ੍ਰਾਜੈਕਟ ਪੜਾਅ ਵਾਰ ਲਗਾਏ ਜਾਣਗੇ, ਜਿਸ ਦੇ ਤਹਿਤ ਪਹਿਲੇ ਪੜਾਅ ਵਿੱਚ 50 ਮੈਗਾਵਾਟ ਦੀ ਸਮਰੱਥਾ ਦਾ ਪ੍ਰਾਜੈਕਟ ਲਗਾਇਆ ਜਾਵੇਗਾ ਜਦੋਂਕਿ ਬਾਕੀ ਪ੍ਰਾਜੈਕਟ ਅਗਲੇ ਪੜਾਵਾਂ ਵਿੱਚ ਲਗਾਏ ਜਾਣਗੇ। ਉਹਨਾਂ ਦੱਸਿਆ ਕਿ ਇਹਨਾਂ ਪ੍ਰਾਜੈਕਟਾਂ ਨੂੰ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਅਧੀਨ ਵਿੱਤੀ ਮਾਮਲਿਆਂ ਬਾਰੇ ਵਿਭਾਗ ਕੋਲ ਉਹਨਾਂ ਦੀ ਸਕੀਮ ਤਹਿਤ ਵਾਇਆਬਿਲਟੀ ਗੈਪ ਫੰਡਿੰਗ (ਵੀ.ਜੀ.ਐੱਫ) ਲਈ ਦਾਅਵਾ ਪੇਸ਼ ਕਰਨ ਦੀ ਤਜਵੀਜ਼ ਹੈ। Author: Malout Live