ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਸਿਵਲ ਹਸਪਤਾਲ ਵਿੱਚ ਭੰਡਾਰੀ ਪਰਿਵਾਰ ਵੱਲੋਂ ਭੇਂਟ ਕੀਤੀ ਨਵੀਂ ਡਾਇਲਾਸਿਸ ਮਸ਼ੀਨ ਦਾ ਕੀਤਾ ਉਦਘਾਟਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਭੰਡਾਰੀ ਪਰਿਵਾਰ ਵੱਲੋਂ ਨਵੀਂ ਡਾਇਲਾਸਿਸ ਮਸ਼ੀਨ ਭੇਂਟ ਕੀਤੀ ਗਈ। ਜਿਸ ਦਾ ਉਦਘਾਟਨ ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਕੀਤਾ। ਇਸ ਦੌਰਾਨ ਕਾਕਾ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਮਾਹਿਰ ਡਾਕਟਰਾਂ ਦੀ ਭਰਤੀ ਵੀ ਜਲਦ ਕੀਤੀ ਜਾ ਰਹੀ ਹੈ। ਇਹ ਸਹੂਲਤ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਉਪਲੱਬਧ ਕਰਵਾਈ ਗਈ। ਉਨ੍ਹਾਂ ਭੰਡਾਰੀ ਪਰਿਵਾਰ ਦਾ ਇਹ ਮਸ਼ੀਨ ਸਿਵਲ ਹਸਪਤਾਲ ਨੂੰ ਭੇਂਟ ਕਰਨ ਲਈ ਧੰਨਵਾਦ ਕੀਤਾ। ਇਸ ਨਾਲ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਮਹਿੰਗੇ ਰੇਟਾਂ ਤੇ ਡਾਇਲਾਸਿਸ ਨਹੀਂ ਕਰਵਾਉਣਾ ਪਵੇਗਾ। ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਪਹਿਲਾਂ ਤਿੰਨ ਡਾਇਲਾਸਿਸ ਮਸ਼ੀਨਾਂ ਕੰਮ ਕਰ ਰਹੀਆਂ ਹਨ, ਹੁਣ ਨਵੀਂ ਚੌਥੀ ਮਸ਼ੀਨ ਜੋ ਕਿ ਭੰਡਾਰੀ ਪਰਿਵਾਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਭੇਂਟ ਕੀਤੀ ਗਈ ਹੈ। ਇਸ ਨਾਲ ਡਾਇਲਾਸਿਸ ਲਈ ਲੋੜਵੰਦ ਮਰੀਜ਼ਾਂ ਨੂੰ ਹੁਣ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਸਮੇਂ ਸਿਰ ਡਾਇਲਾਸਿਸ ਕੀਤੇ ਜਾਣਗੇ। ਡਾ. ਸਤੀਸ਼ ਜਿੰਦਲ ਐੱਮ.ਡੀ. ਪ੍ਰਧਾਨ ਆਈ.ਐੱਮ.ਏ. ਸ਼੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਦਿਨੋਂ ਦਿਨ ਸ਼ੂਗਰ ਦੀ ਬਿਮਾਰੀ ਵੱਧ ਰਹੀ ਹੈ
ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਗੁਰਦਿਆਂ ਦੀਆਂ ਬਿਮਾਰੀਆਂ ਵੱਧਣ ਦੀ ਸੰਭਾਵਨਾ ਹੈ ਅਤੇ ਡਾਇਲਾਸਿਸ ਕਰਵਾਉਣ ਦੀ ਵੀ ਜ਼ਿਆਦਾ ਜ਼ਰੂਰਤ ਪਵੇਗੀ। ਇਸ ਲਈ ਅਜਿਹੀਆਂ ਹੋਰ ਮਸ਼ੀਨਾਂ ਦੀ ਵੀ ਸਿਵਲ ਹਸਪਤਾਲ ਵਿੱਚ ਲੋੜ ਪੈ ਸਕਦੀ ਹੈ। ਇਸ ਦੌਰਾਨ ਭੰਡਾਰੀ ਪਰਿਵਾਰ ਵੱਲੋਂ ਡਾ. ਰਜਿੰਦਰ ਭੰਡਾਰੀ ਨੇ ਕਿਹਾ ਕਿ ਡਾਇਲਾਸਿਸ ਮਸ਼ੀਨ ਦਾ ਲੋਕਾਂ ਨੂੰ ਲਾਭ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਸਿਵਲ ਹਸਪਤਾਲ ਨੂੰ ਭੰਡਾਰੀ ਪਰਿਵਾਰ ਵੱਲੋਂ ਸਹਿਯੋਗ ਦਿੱਤਾ ਜਾਂਦਾ ਰਹੇਗਾ। ਇਸ ਮੌਕੇ ਡਾ. ਕਿਰਨਦੀਪ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਬੰਦਨਾ ਬਾਂਸਲ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਭੁਪਿੰਦਰਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਅਜੇ ਸੇਤੀਆ, ਡਾ. ਸਤੀਸ਼ ਜਿੰਦਲ ਪ੍ਰਧਾਨ ਆਈ.ਐੱਮ.ਏ, ਡਾ. ਅਰਪਨਦੀਪ ਸਿੰਘ, ਡਾ. ਦੁਪਿੰਦਰ ਕੁਮਾਰ, ਸ. ਜਗਮੀਤ ਸਿੰਘ ਜੱਗਾ ਐੱਮ.ਸੀ, ਸ਼੍ਰੀ ਵਿੱਕੀ, ਸ਼੍ਰੀ ਲੱਕੀ ਸ਼ਰਮਾ ਆਦਿ ਹਾਜ਼ਿਰ ਸਨ। Author: Malout Live