ਖੇਤੀਬਾੜੀ ਵਿਭਾਗ ਵੱਲੋਂ ਝੋਨੇ ਅਤੇ ਬਾਸਮਤੀ ਦੇ ਪਰਾਲੀ ਪ੍ਰਬੰਧਨ ਸੰਬੰਧੀ ਲਗਾਤਾਰ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ- ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ

ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ): ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਸ਼੍ਰੀ ਮੁਕਤਸਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਅਤੇ ਬਾਸਮਤੀ ਦੇ ਪਰਾਲੀ ਪ੍ਰਬੰਧਨ ਸੰਬੰਧੀ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਅਤੇ ਬਾਸਮਤੀ ਦੀ ਪਰਾਲੀ ਵਿੱਚ 25% ਨਾਈਟ੍ਰੋਜ਼ਨ, 25% ਫਾਸਫੋਰਸ, 50% ਗੰਧਕ ਅਤੇ 75% ਪੋਟਾਸ਼ ਖਾਦ ਹੀ ਰਹਿ ਜਾਂਦੀ ਹੈ। ਉਹਨਾਂ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪਰਾਲੀ ਵਿੱਚ ਮੌਜੂਦ ਖਾਦਾਂ ਵੀ ਨਾਲ ਹੀ ਸੜ ਜਾਂਦੀਆਂ ਹਨ ਅਤੇ ਇੱਕ ਏਕੜ ਪਿੱਛੇ ਸਾਡਾ ਲਗਭਗ 9 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਜਦੋਂ ਕਿ ਖੇਤੀ ਸੰਦਾਂ ਨਾਲ ਪਰਾਲੀ ਦਾ ਪ੍ਰਬੰਧਨ ਕਰਨ ‘ਤੇ 2500 ਤੋਂ 3000 ਰੁ: ਪ੍ਰਤੀ ਏਕੜ ਖਰਚਾ ਆਉਂਦਾ ਹੈ। ਇਸ ਤਰ੍ਹਾਂ ਨਾਲ ਅਸੀਂ 6 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਬਚਤ ਕੀਤੀ ਜਾ ਸਕਦੀ ਹੈ ਅਤੇ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਸਕਦੇ ਹੋਵੇਗਾ। ਪਰਾਲੀ ਨੂੰ ਸਾੜਨ ਨਾਲ ਜਿੱਥੇ ਖੇਤਾਂ ਦੇ ਆਲੇ-ਦੁਆਲੇ ਦੇ ਦਰੱਖਤਾਂ ਦਾ ਨੁਕਸਾਨ ਹੁੰਦਾ ਹੈ, ਧੂੰਏਂ ਨਾਲ ਵਾਤਾਵਰਨ ਪਲੀਤ ਹੁੰਦਾ ਹੈ, ਉੱਥੇ ਹੀ ਮਨੁੱਖੀ ਜੀਵਨ, ਪਸ਼ੂਆਂ ਅਤੇ ਪੰਛੀਆਂ ਦੀ ਸਿਹਤ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਕਈ ਵਾਰ ਭਿਆਨਕ ਸੜਕੀ ਹਾਦਸੇ ਵੀ ਹੋ ਜਾਂਦੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਪਿਛਲੇ ਸਾਲਾਂ ਦੌਰਾਨ ਕਸਟਮ ਹਾਇਰਿੰਗ ਸੈਂਟਰ, ਕੋਆ: ਸੁਸਾਇਟੀਆਂ, ਗ੍ਰਾਮ ਪੰਚਾਇਤਾਂ ਅਤੇ ਨਿੱਜੀ ਕਿਸਾਨਾਂ ਨੂੰ ਸਬਸਿਡੀ ਤੇ ਪਰਾਲੀ ਪ੍ਰਬੰਧਨ ਵਾਲੇ ਖੇਤੀ ਸੰਦ ਮੁਹੱਈਆ ਕਰਵਾਏ ਗਏ ਹਨ। ਇਹਨਾਂ ਸੰਦਾਂ ਅਤੇ ਉਹਨਾਂ ਦੇ ਮਾਲਕਾਂ ਦੇ ਨਾਂ ਦੀ ਲਿਸਟ ਸੰਬੰਧਿਤ ਪਿੰਡ ਵਿੱਚ ਸਾਂਝੀਆਂ ਥਾਵਾਂ ‘ਤੇ ਲੱਗਵਾਈਆਂ ਹੋਈਆਂ ਹਨ ਅਤੇ ਨਾਲ ਹੀ ਖੇਤੀ ਸੰਦਾਂ ਦੇ ਕਿਰਾਏ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਲ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਵਹਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧ ਜਾਵੇਗੀ। ਇਸ ਤਰ੍ਹਾਂ ਨਾਲ ਖਾਦਾਂ ਦੀ ਵਰਤੋਂ ਘਟੇਗੀ, ਖੇਤੀ ਖਰਚੇ ਘਟਣਗੇ ਅਤੇ ਤੁਹਾਡੀ ਨਿਰੋਲ ਆਮਦਨ ਵਧੇਗੀ। Author: Malout Live