ਆਰ.ਜੀ.ਆਰ ਸੈੱਲ ਲੁਧਿਆਣਾ ਵੱਲੋਂ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਔਲਖ ਵਿੱਚ ਆਰ.ਜੀ.ਆਰ ਸੈੱਲ ਅਤੇ ਟੀ.ਐੱਨ.ਸੀ ਵੱਲੋਂ ਜਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਇਸ ਮੌਕੇ ਪਿਛਲੇ ਸਾਲ ਦੌਰਾਨ ਲਗਾਏ ਗਏ ਵੱਖ-ਵੱਖ ਪਰਾਲੀ ਸੰਭਾਲ ਦੇ ਪ੍ਰਦਰਸ਼ਨੀ ਪਲਾਟਾਂ ਦੇ ਝਾੜ ਬਾਰੇ, ਇਲਾਕੇ ਵਿੱਚ ਪਰਾਲੀ ਸੰਭਾਲ ਮਸ਼ੀਨਰੀ ਨੂੰ ਕਿਰਾਏ ਤੇ ਦੇਣ ਵਾਲੇ ਕਿਸਾਨ ਵੀਰਾਂ ਦੀ ਵਿਸ਼ੇਸ ਜਾਣਕਾਰੀ ਪ੍ਰਦਰਸ਼ਿਤ ਕੀਤੀ ਗਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਔਲਖ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਆਰ.ਜੀ.ਆਰ ਸੈੱਲ ਅਤੇ ਟੀ.ਐੱਨ.ਸੀ ਵੱਲੋਂ ਪ੍ਰਾਣਾ ਪ੍ਰੋਜੈਕਟ ਤਹਿਤ ਆਰ.ਜੀ.ਆਰ ਸੈੱਲ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਬਲਜਿੰਦਰ ਸੈਣੀ ਅਤੇ ਸੀਨੀਅਰ ਏਰੀਆ ਮੈਨੇਜ਼ਰ ਕੁਲਬੀਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਰ ਜਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਜਗਸੀਰ ਸਿੰਘ (ਮੁੱਖ ਖੇਤੀਬਾੜੀ ਅਫਸਰ, ਸ਼੍ਰੀ ਮੁਕਤਸਰ ਸਾਹਿਬ), ਡਾ. ਕਰਨਜੀਤ ਸਿੰਘ (ਪੀ.ਡੀ ਆਤਮਾ), ਸ਼੍ਰੀ ਮੁਕਤਸਰ ਸਾਹਿਬ ਸੋਹਨਗੜ ਫਾਰਮਵਰਸਟੀ ਤੋਂ ਕਮਲਜੀਤ ਸਿੰਘ ਹੇਅਰ, ਡਾ. ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ, ਆਰ.ਜੀ.ਆਰ ਸੈੱਲ ਤੋਂ ਏਰੀਆ ਮੈਨੇਜ਼ਰ ਹਰਮਨਦੀਪ ਸਿੰਘ ਸਰਾਂ, ਕੰਸਲਟੈਂਟ ਡਾ. ਸੁਰਜੀਤ ਸਿੰਘ, ਡਾ. ਚੰਦਰ ਮੋਹਨ ਅਤੇ ਟੀ.ਐੱਨ.ਸੀ ਤੋਂ ਚਮਨਪ੍ਰੀਤ ਸਿੰਘ ਪਹੁੰਚੇ। ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਅਤੇ ਪਰਾਲੀ ਪ੍ਰਬੰਧਨ ਵਿੱਚ ਵਰਤੀ ਜਾਂਦੀ ਸੀ.ਆਰ.ਐਮ ਮਸ਼ੀਨਰੀ ਬਾਰੇ, ਕਣਕ ਦੇ ਸੁਧਰੇ ਬੀਜਾਂ, ਕਣਕ ਵਿੱਚ ਬੀਜ ਸੋਧ ਬਾਰੇ, ਨਦੀਨਾਂ ਦੀ ਰੋਕਥਾਮ, ਕਣਕ ਵਿੱਚ ਕੀਟ ਪ੍ਰਬੰਧਨ ਅਤੇ ਬਿਮਾਰੀਆਂ ਬਾਰੇ, ਟਿਕਾਊ ਖੇਤੀ, ਖੇਤੀਬਾੜੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ।
ਆਰ.ਜੀ.ਆਰ ਸੈੱਲ ਦੀ ਟੀਮ ਵੱਲੋਂ ਪ੍ਰਾਣਾ ਪ੍ਰੋਜੈਕਟ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਪਿਛਲੇ ਸਾਲ ਦੌਰਾਨ ਲਗਾਏ ਗਏ ਵੱਖ-ਵੱਖ ਪਰਾਲੀ ਸੰਭਾਲ ਦੇ ਪ੍ਰਦਰਸ਼ਨੀ ਪਲਾਟਾਂ ਦੇ ਝਾੜ ਬਾਰੇ, ਇਲਾਕੇ ਵਿੱਚ ਪਰਾਲੀ ਸੰਭਾਲ ਮਸ਼ੀਨਰੀ ਨੂੰ ਕਿਰਾਏ ਤੇ ਦੇਣ ਵਾਲੇ ਕਿਸਾਨ ਵੀਰਾਂ ਦੀ ਵਿਸ਼ੇਸ ਜਾਣਕਾਰੀ ਪ੍ਰਦਰਸ਼ਿਤ ਕੀਤੀ ਗਈ। ਇਸ ਮੌਕੇ ਵਾਤਾਵਰਣ ਸੰਭਾਲ ਸੰਬੰਧੀ ਵਿਸ਼ੇਸ਼ ਤੌਰ ਤੇ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ। ਕਿਸਾਨ ਮੇਲੇ ਵਿੱਚ ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਕਿਸਾਨ ਮੇਲੇ ਵਿੱਚ ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜਪੁਰ ਅਤੇ ਫਾਜਿਲਕਾ ਦੇ ਵੱਖ-ਵੱਖ ਪਿੰਡਾਂ ਤੋਂ ਪਹੁੰਚੇ 500 ਤੋਂ ਵੱਧ ਕਿਸਾਨਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਆਰ.ਜੀ.ਆਰ ਸੈੱਲ ਦੇ ਏਰੀਆ ਮੈਨੇਜਰ ਹਰਮਨਦੀਪ ਸਿੰਘ ਸਰਾਂ ਅਤੇ ਜਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ, ਹੁਸਨਪ੍ਰੀਤ ਸਿੰਘ, ਅੰਕੁਸ਼ ਅਤੇ ਆਰ.ਜੀ.ਆਰ ਸੈੱਲ ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜਪੁਰ ਅਤੇ ਫਾਜਿਲਕਾ ਦੀ ਸਾਰੀ ਟੀਮ ਵੱਲੋਂ ਕਿਸਾਨ ਮੇਲੇ ਵਿੱਚ ਪਹੁੰਚੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਪੰਜਾਬ ਦੀ ਮਿੱਟੀ ਨੂੰ ਮੁੜ ਜੀਵਤ ਕਰਨ ਦਾ ਸੁਨੇਹਾ ਦਿੱਤਾ ਗਿਆ।
Author : Malout Live



