ਸੀ.ਜੀ.ਐੱਮ ਕਾਲਜ ਮੋਹਲਾ ਵੱਲੋਂ ਸ਼ਹੀਦ-ਏ-ਆਜ਼ਾਮ ਭਗਤ ਸਿੰਘ ਨੂੰ ਪੂਰਾ ਦਿਨ ਸਮਰਪਿਤ
ਮਲੋਟ: ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ 115 ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸੀ.ਜੀ.ਐੱਮ ਕਾਲਜ ਮੋਹਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਅਰਨੀਵਾਲਾ ਤੋਂ ਸੀ.ਜੀ.ਐੱਮ ਕਾਲਜ ਮੋਹਲਾ ਤੱਕ 12 ਕਿਲੋਮੀਟਰ ਸਾਇਕਲ ਮਾਰਚ ਕੀਤਾ ਗਿਆ। ਇਸ ਸਾਇਕਲ ਮਾਰਚ ਨੂੰ ਉੱਘੇ ਆਜ਼ਾਦੀ ਘੁਲਾਟੀਏ ਸੰਗ ਸਿੰਘ ਦੇ ਪੁੱਤਰੇ ਰਾਜ ਸਿੰਘ ਕੰਧਵਾਲਾ ਅਤੇ ਚੇਅਰਮੈਨ ਸੱਤਪਾਲ ਮੋਹਲਾ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ। ਇੰਚਾਰਜ ਪ੍ਰੋਫੈਸਰ ਗਗਨਦੀਪ ਸਿੰਘ, ਪ੍ਰੋਫੈਸਰ ਪਵਨਪ੍ਰੀਤ ਸਿੰਘ, ਪ੍ਰੋਫੈਸਰ ਈਸ਼ਾ, ਪ੍ਰੋਫੈਸਰ ਮਨਜਿੰਦਰ ਸਿੰਘ, ਪ੍ਰੋਫੈਸਰ ਹਰਮੀਤ ਕੌਰ, ਜਸਪਾਲ ਸੰਧੂ, ਜਰਮਨ ਸੰਧੂ ਵੀ ਹਾਜ਼ਿਰ ਰਹੇ। ਇਸ ਸਮੇਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਆਪਣੀ ਜਿੰਮੇਵਾਰੀ ਨਿਭਾਈ ਗਈ। ਮਾਰਚ ਉਪਰੰਤ ਕਾਲਜ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਸ਼ੇ ਉੱਪਰ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸੱਤਪਾਲ ਮੋਹਲਾ, ਕਮੇਟੀ ਮੈਂਬਰ ਨਵਜੀਤ ਮੋਹਲਾ ਨੇ ਕਿਹਾ ਕਿ ਚੰਗੇ ਸਮਾਜ ਦੀ ਸਿਰਜਨਾ ਲਈ ਭਗਤ ਸਿੰਘ ਨੂੰ ਪੜ੍ਹਨਾ ਬੇਹੱਦ ਜ਼ਰੂਰੀ ਹੈ। ਭਗਤ ਸਿੰਘ ਦੇ ਵਿਚਾਰਾਂ ਤੇ ਚੱਲ ਕੇ ਹੀ ਅਸੀ ਸਮਾਜ ਨੂੰ ਸੌਹਣਾ ਬਣਾ ਸਕਦੇ ਹਾਂ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਲਜੀਤ ਸਿੰਘ ਨੇ ਭਗਤ ਸਿੰਘ ਦੇ ਬਾਰੇ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੂੰ ਆਪਣੀ ਜਿੰਦਗੀ ਵਿੱਚ ਇਸ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਵਿਦਿਆਰਥੀਆਂ ਵੱਲੋਂ ਬੁੱਤ ਜਾਗ ਪਿਆ ਨਾਟਕ ਵੀ ਖੇਡਿਆ ਗਿਆ। ਵਿਦਿਆਰਥਣ ਮਨਦੀਪ ਕੌਰ ਵੱਲੋਂ ਕਵਿਤਾ ਅਤੇ ਨਵਜੀਤ ਕੌਰ ਵੱਲੋ ਗੀਤ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਪ੍ਰੋਫੈਸਰ ਗਗਨਦੀਪ ਸਿੰਘ ਨੇ ਭਗਤ ਸਿੰਘ ਦੇ ਜੀਵਨ ਬਾਰੇ ਦੱਸਦਿਆ ਸਾਰੀਆਂ ਦਾ ਧੰਨਵਾਦ ਕੀਤਾ। ਸਟੇਜ ਦੀ ਭੂਮਿਕਾ ਮੈਡਮ ਸਿੰਮੀਪ੍ਰੀਤ ਕੌਰ ਵੱਲੋਂ ਨਿਭਾਈ ਗਈ। ਇਸ ਸਮੇਂ ਮੈਡਮ ਸੁਮਨ ਗਾਂਧੀ, ਮੈਡਮ ਨੀਰਮਲ ਕੌਰ, ਮੈਡਮ ਰਾਜਵਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਿਰ ਸੀ। Author: Malout Live