ਡਾਕਟਰਾਂ ਤੇ ਮਰੀਜ਼ਾਂ ’ਚ ਵਿਸ਼ਵਾਸ ਦੀ ਭਾਵਨਾ ਮਜ਼ਬੂਤ ਕਰਦੈ 'ਡਾਕਟਰ ਦਿਵਸ'

ਮਲੋਟ (ਪੰਜਾਬ): ਦੇਸ਼ ਭਰ ’ਚ ਅੱਜ ਡਾਕਟਰ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਡਾਕਟਰੀ ਕਿੱਤਾ ਆਪਣੇ ਸਮਾਜ ਪ੍ਰਤੀ ਸੱਚੀ ਅਤੇ ਸੁੱਚੀ ਭਾਵਨਾ ਨਾਲ ਕੰਮ ਕਰਨ ਵਾਲਾ ਕਿੱਤਾ ਹੈ। ਚੰਗੇ ਡਾਕਟਰ ਇਸ ਅਸਲੀਅਤ ਨੂੰ ਜਾਣਦੇ ਹਨ ਕਿ ਉਨ੍ਹਾਂ ਦੀ ਇਕ ਨਿੱਕੀ ਜਿਹੀ ਗਲਤੀ ਦੂਜੇ ਇਨਸਾਨ ਦੀ ਜਾਨ ਲੈ ਸਕਦੀ ਹੈ। ਅੱਜ ਦਾ ਦਿਨ ਡਾਕਟਰਾਂ ਵਾਸਤੇ ਬੇਹੱਦ ਮਹੱਤਵਪੂਰਨ ਹੈ ਕਿ ਉਹ ਅੱਜ ਦੇ ਦਿਨ ਪੂਰੇ ਹੌਂਸਲੇ ਅਤੇ ਦਲੇਰੀ ਨਾਲ ਪ੍ਰਣ ਕਰਦੇ ਹਨ ਕਿ ਉਹ ਦਵਾਈਆਂ ਦੀਆਂ ਨਵੀਆਂ ਖੋਜਾਂ ਬਾਰੇ ਜਾਣਕਾਰੀ ਲੈਂਦੇ ਰਹਿਣਗੇ ਤਾਂ ਕਿ ਵੱਧ ਤੋਂ ਵੱਧ ਮਰੀਜ਼ਾਂ ਦੀ ਸੇਵਾ ਕੀਤੀ ਜਾ ਸਕੇ। ਇਹ ਦਿਵਸ ਡਾਕਟਰ ਅਤੇ ਰੋਗੀ ਵਿਚਕਾਰ ਵਿਸ਼ਵਾਸ ਦੀ ਮਜ਼ਬੂਤੀ ਲਈ ਇਕ ਕੜੀ ਦਾ ਕੰਮ ਕਰਦਾ ਹੈ। ਇਸ ਨੂੰ ਵਪਾਰਕ ਨਜ਼ਰ ਤੋਂ ਦੂਰ ਰੱਖਣ ਦੀ ਲੋੜ ਹੈ।

ਇਸ ਦਿਨ ਸਮੁੱਚੇ ਡਾਕਟਰ ਆਪਸ ’ਚ ਮਿਲ ਕੇ ਸਮਾਜ ਭਲਾਈ ਦੇ ਕਾਰਜ ਵੀ ਕਰਦੇ ਹਨ, ਜਿਸ ਨਾਲ ਮਰੀਜ਼ਾਂ ’ਚ ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਦਿਵਸ ਨੂੰ ਲੈ ਕੇ ਕੁੱਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੁੱਝ ਡਾਕਟਰਾਂ ਨੇ ਇਸ ਨੂੰ ਇਕ ਅਜਿਹੇ ਕਿੱਤੇ ਵਜੋਂ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ, ਜੋ ਸਿਰਫ ਪੈਸੇ ਨੂੰ ਹੀ ਮਹੱਤਤਾ ਦਿੰਦੇ ਹਨ। ਜਦੋਂ ਕਿ ਕੁੱਝ ਲੋਕ ਡਾਕਟਰਾਂ ਦੇ ਪੈਸੇ ਨਾਲ ਸਬੰਧਿਤ ਹੋਣ ਨੂੰ ਗਲਤ ਹੋਣਾ ਦੱਸਦੇ ਹੋਏ ਕਹਿੰਦੇ ਹਨ ਕਿ ਜਦੋਂ ਆਪਰੇਸ਼ਨ ਥੀਏਟਰ ਵਿਚ ਡਾਕਟਰ ਕਿਸੇ ਮਰੀਜ਼ ਦਾ ਆਪਰੇਸ਼ਨ ਕਰ ਰਿਹਾ ਹੁੰਦਾ ਹੈ ਤਾਂ ਮਰੀਜ਼ ਦੇ ਰਿਸ਼ਤੇਦਾਰ ਬਾਹਰ ਬੈਠੇ ਹੁੰਦੇ ਹਨ ਪਰ ਡਾਕਟਰ ਮਾਨਸਿਕ ਤੌਰ ’ਤੇ ਉਸ ਮਰੀਜ਼ ਨੂੰ ਠੀਕ ਕਰਨ ਲਈ ਆਪਣੀ ਜਿੰਦ ਜਾਨ ਲਾ ਰਿਹਾ ਹੁੰਦਾ ਹੈ। ਆਪਰੇਸ਼ਨ ਕਰਦੇ ਸਮੇਂ ਬੇਹੋਸ਼ ਕਰਨ ਤੋਂ ਹੋਸ਼ ਆਉਣ ਤੱਕ ਡਾਕਟਰ ਦੀ ਮਾਨਸਿਕ ਹਾਲਤ ਕੀ ਹੁੰਦੀ ਹੈ, ਇਸ ਬਾਰੇ ਸਿਰਫ ਡਾਕਟਰ ਹੀ ਦੱਸ ਸਕਦੇ ਹਨ। Author: Malout Live