ਐਂਬੂਲੈਂਸ 'ਚ ਇਕ ਫਰਜ਼ੀ ਮਰੀਜ਼ ਦੇ ਸਿਰ ਥੱਲੇ ਰੱਖੇ ਸਿਰਹਾਣੇ ‘ਚ ਛੁਪਾ ਕੇ ਰੱਖੀ 8 ਕਿਲੋ ਅਫੀਮ ਬਰਾਮਦ
ਮਲੋਟ (ਪੰਜਾਬ):- ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਖਿਲਾਫ਼ ਚੱਲ ਰਹੀ ਜੰਗ ਦੌਰਾਨ ਮੋਹਾਲੀ ਪੁਲਸ ਨੇ ਐਤਵਾਰ ਨੂੰ ਪਿੰਡ ਦੱਪਰ ਨੇੜੇ ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਐਂਬੂਲੈਂਸ 'ਚ ਇਕ ਫਰਜ਼ੀ ਮਰੀਜ਼ ਦੇ ਸਿਰ ਥੱਲੇ ਰੱਖੇ ਸਿਰਹਾਣੇ ‘ਚ ਛੁਪਾ ਕੇ ਰੱਖੀ 8 ਕਿਲੋ ਅਫੀਮ ਬਰਾਮਦ ਕਰਕੇ ਅੰਤਰਰਾਜੀ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਵੀ ਸ਼੍ਰੀਵਾਸਤਵ (28) ਵਾਸੀ ਰਾਮਪੁਰ, (ਯੂ.ਪੀ.) ਜੋ ਮੌਜੂਦਾ ਸਮੇਂ ਚੰਡੀਗੜ੍ਹ ਸਥਿਤ ਰਾਮ ਦਰਬਾਰ ਵਿਖੇ ਰਹਿ ਰਿਹਾ ਹੈ, ਹਰਿੰਦਰ ਸ਼ਰਮਾ (47) ਵਾਸੀ ਪਿੰਡ ਨਵਾਂ ਗਾਓਂ, ਐੱਸ.ਏ.ਐੱਸ.ਨਗਰ ਤੇ ਅੰਕੁਸ਼ (27) ਵਾਸੀ ਪਿੰਡ ਖੁੱਡਾ ਅਲੀ ਸ਼ੇਰ ਚੰਡੀਗੜ੍ਹ ਵਜੋਂ ਹੋਈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਮੁਲਜ਼ਮਾਂ ਨੇ ਸੈਕਿੰਡ ਹੈਂਡ ਐਂਬੂਲੈਂਸ ਖਰੀਦੀ ਅਤੇ ਨਸ਼ਿਆਂ ਦੀ ਤਸਕਰੀ ਲਈ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਇਹ ਘੱਟੋ-ਘੱਟ 10-12ਵੀਂ ਵਾਰ ਸੀ ਜਦੋਂ ਮੁਲਜ਼ਮਾਂ ਨੇ ਬਰੇਲੀ ਤੋਂ ਅਫੀਮ ਦੀ ਤਸਕਰੀ ਕਰਨ ਲਈ ਇਸ ਐਂਬੂਲੈਂਸ ਦੀ ਵਰਤੋਂ ਕੀਤੀ। ਸਾਰੇ ਸਬੰਧਿਤ ਅਧਿਕਾਰੀਆਂ ਕੋਲ ਮਾਮਲਾ ਉਠਾਉਣ ਤੋਂ ਇਲਾਵਾ ਡੀ.ਆਈ.ਜੀ. ਭੁੱਲਰ ਨੇ ਕਿਹਾ ਕਿ ਉਨ੍ਹਾਂ ਨੇ ਰੇਂਜ ਦੇ ਤਿੰਨੇ ਐੱਸ.ਐੱਸ.ਪੀਜ਼ ਨੂੰ ਆਪਣੇ ਸਬੰਧਿਤ ਜ਼ਿਲ੍ਹਿਆਂ ਵਿੱਚ ਸਾਰੇ ਹਸਪਤਾਲਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਅਤੇ ਉਨ੍ਹਾਂ ਨੂੰ ਸੌਂਪੀਆਂ ਐਂਬੂਲੈਂਸਾਂ ਦੀ ਸੂਚੀ ਪ੍ਰਾਪਤ ਕਰਨ ਲਈ ਵੀ ਕਿਹਾ ਹੈ ਤਾਂ ਜੋ ਪੁਲਸ ਅਪਰਾਧਿਕ ਗਤੀਵਿਧੀਆਂ ਲਈ ਐਮਰਜੈਂਸੀ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਸਕੇ ਤੇ ਅਸਲ ਮਰੀਜ਼ਾਂ ਨੂੰ ਸੁਰੱਖਿਅਤ ਸੁਵਿਧਾ ਮੁਹੱਈਆ ਕਰਾਉਣ ਲਈ ਰਾਹ ਪੱਧਰਾ ਕਰ ਸਕੇ। ਉਨ੍ਹਾਂ ਐਂਬੂਲੈਂਸ ਉੱਪਰ ਇਕ ਵਿਸ਼ੇਸ਼ ਬੀਕਨ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ, ਜੋ ਕਿ ਐਂਬੂਲੈਂਸ ਵਿੱਚ ਕਿਸੇ ਮਰੀਜ਼ ਦੀ ਮੌਜੂਦਗੀ ਅਤੇ ਗੈਰ-ਮੌਜੂਦਗੀ ਨੂੰ ਦਰਸਾਏਗਾ।
Author: Malout Live