ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ:- ਫਾਸੀਵਾਦੀ ਵਿਰੋਧੀ ਫੋਰਮ ਪੰਜਾਬ ਦੇ ਸੱਦੇ ' ਤੇ ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਡੈਮੋਕ੍ਰੇਟਿਕ ਟੀਚਰ ਫ਼ਰੰਟ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਮੁਸਲਿਮ ਇੰਤਜ਼ਾਮੀਆ ਕਮੇਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) , ਕੌਮ ਨਾਗਰਿਕਤਾ ਰਜਿਸਟਰ (ਐੱਨ.ਆਰ.ਸੀ.) ਅਤੇ ਕੌਮੀ ਆਬਾਦੀ ਰਜਿਸਟਰ (ਐੱਨ.ਪੀ.ਆਰ.) ਦੇ ਵਿਰੋਧ ' ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਗਗਨ ਸੰਗਰਾਮੀ,ਡੀ.ਟੀ.ਐੱਫ.ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਆਜ਼ਾਦ ਨੇ ਕਿਹਾ ਕਿ ਕੇਂਦਰ ' ਚ ਸੱਤਾ ' ਤੇ ਕਾਬਜ਼ ਭਾਜਪਾ ਸਰਕਾਰ ਹਿੰਦੂ ਰਾਸ਼ਟਰ ਦਾ ਏਜੰਡਾ ਲਾਗੂ ਕਰ ਰਹੀ ਹੈ।ਦੇਸ਼ ਦੀਆਂ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ। ਕੌਮੀ ਨਾਗਰਿਕਤਾ ਰਜਿਸਟਰ ਅਤੇ ਨਾਗਰਿਕਤਾ ਸੋਧ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਮੁਸਲਮਾਨਾਂ ਦੀ ਨਾਗਰਿਕਤਾ ਰੱਦ ਕਰਕੇ ਡਿਟੈਨਸ਼ਨ ਕੈਂਪਾਂ ' ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹਾ ਕਰ ਕੇ ਕੇਂਦਰ ਸਰਕਾਰ ਬਹੁ ਗਿਣਤੀ ਹਿੰਦੂ ਆਬਾਦੀ ' ਚ ਨਫ਼ਰਤ ਪੈਦਾ ਕਰ ਕੇ ਉਸ ਦਾ ਧਰੁਵੀਕਰਨ ਕਰ ਰਹੀ ਹੈ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਗੁਰਾਂਦਿੱਤਾ ਝਬੇਲਵਾਲੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਥਾਂਦੇਵਾਲਾ ਨੇ ਕਿਹਾ ਕਿ ਸੀ.ਏ.ਏ. ਅਤੇ ਐੱਨ.ਆਰ.ਸੀ. ਦਾ ਵਿਰੋਧ ਕਰ ਰਹੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਵਹਿਸ਼ੀਆਨਾ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ। ਹੁਣ ਤੱਕ ਦੇਸ਼ ਭਰ ' ਚ ਪੁਲਿਸ ਦੀਆਂ ਗੋਲੀਆਂ ਨਾਲ 28 ਲੋਕਾਂ ਦੀ ਮੌਤ ਹੋ ਚੁੱਕੀ ਹੈ , ਜਿਸ ' ਚ ਅੱਠ ਸਾਲ ਦਾ ਮਾਸੁਮ ਬੱਚਾ ਵੀ ਸ਼ਾਮਿਲ ਹੈ। ਇਸ ਮੌਕੇ ਇਮਰਾਨ ਕੁਐਸ਼ੀ , ਇਮਰਾਨ ਖਾਨ , ਸਈਅਦ ਅਹਿਮਦ ਖ਼ਾਨ, ਪੀ.ਐੱਸ.ਯੂ. ਦੇ ਸੁਖਮੰਦਰ ਕੌਰ , ਸਤਨਾਮ ਸਿੰਘ , ਰਾਜਵਿੰਦਰ ਸਿੰਘ , ਹਨੀ ਧਾਲੀਵਾਲ , ਨੌਜਵਾਨ ਭਾਰਤ ਸਭਾ ਦੇ ਵਿਜੈ ਕੁਮਾਰ , ਲਖਵੰਤ ਕਿਰਤੀ , ਜਗਜੀਤ ਨਾਬਰ , ਮਹਾਸ਼ਾ ਸਮਾਘ , ਜਗਮੀਤ ਮੌੜ , ਡੀ.ਟੀ.ਐੱਫ . ਦੇ ਆਗੂ ਪਵਨ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ' ਚ ਲੋਕ ਹਾਜ਼ਰ ਸਨ।