ਹਰ ਮਾਂ ਆਪਣੇ ਬੱਚਿਆਂ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਗਾਥਾ ਜਰੂਰ ਸੁਣਾਵੇ - ਬਾਬਾ ਬਲਜੀਤ ਸਿੰਘ
ਮਲੋਟ (ਆਰਤੀ ਕਮਲ):- ਹਰ ਮਾਂ ਆਪਣੇ ਬੱਚਿਆਂ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਗਾਥਾ ਜਰੂਰ ਸੁਣਾਵੇ ਤਾਂ ਜੋ ਉਹ ਬੱਚੇ ਫਿਰ ਕਦੇ ਸਿੱਖੀ ਦੇ ਮਾਰਗ ਤੋਂ ਭਟਕਣ ਨਾ ਅਤੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਕਿਸੇ ਹੋਰ ਥਾਂ ਨਤਮਸਤਕ ਨਾ ਹੋਣ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਵਿਖੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦਾਸਤਾਨ ਸੰਗਤ ਨਾਲ ਸਾਂਝੇ ਕਰਦਿਆਂ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਸਰਹੰਦ ਦੀਆਂ ਦਿਵਾਰਾਂ ਦਾ ਸਾਕਾ ਬੱਚਿਆਂ ਦੇ ਮਨ ਤੇ ਅਗਰ ਇਕ ਵਾਰ ਉਕਰ ਗਿਆ ਤਾਂ ਫਿਰ ਉਹ ਆਪਣੇ ਮਹਾਨ ਸਿੱਖੀ ਵਿਰਸੇ ਤੋਂ ਪਿੱਛੇ ਨਹੀ ਹਟਣਗੇ । ਉਹਨਾਂ ਕਿਹਾ ਕਿ ਸਾਹਿਬੇ ਕਮਾਲ ਕਲਗੀਆਂ ਵਾਲੇ ਦਸਮ ਪਿਤਾ ਵੱਲੋਂ ਪਹਿਲਾਂ ਆਪਣੇ ਬਚਪਨ ਵਿਚ ਹੀ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਲੀਦਾਨ, ਆਨੰਦਪੁਰ ਛੱਡਣ ਉਪਰੰਤ ਪਰਿਵਾਰ ਵਿਛੋੜਾ, ਫਿਰ ਵੱਡੇ ਸਾਹਿਬਜਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਖੁਦ ਜੰਗ ਦੇ ਮੈਦਾਨ ਵਿਚ ਲੱਖਾਂ ਦੀ ਤਦਾਦ ਫੌਜ ਨਾਲ ਯੁੱਧ ਕਰਨ ਲਈ ਭੇਜਣਾ ਅਤੇ ਛੋਟੇ ਸਾਹਿਬਜਾਦਿਆਂ ਜੋਰਾਵਰ ਸਿੰਘ ਤੇ ਫਤਹਿ ਸਿੰਘ ਨੂੰ ਜਾਲਮ ਸਰਕਾਰ ਵੱਲੋਂ ਨੀਹਾਂ ਵਿਚ ਚਿਨਣਾ ਸਮੇਤ ਅਖੀਰ ਵਿਚ ਮਾਤਾ ਗੁਜਰ ਕੌਰ ਦੀ ਸ਼ਹੀਦੀ, ਭਾਵ ਪੂਰਾ ਸਰਬੰਸ ਵਾਰ ਦੇਣ ਦਾ ਪੂਰੀ ਦੁਨੀਆ ਵਿਚ ਇਕਲੌਤਾ ਇਤਹਾਸ ਹੈ ਜੋ ਕਿਸੇ ਕੌਮ ਵਿਚ ਨਹੀ ਵਾਪਰਿਆ । ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਇਸ ਸ਼ਹੀਦੀ ਸਾਕੇ ਨੂੰ ਯਾਦ ਕਰਕੇ ਹੀ ਰੂਹ ਕੰਬ ਜਾਂਦੀ ਹੈ ਪਰ ਉਹਨਾਂ ਨਿੱਕੇ ਨਿੱਕੇ ਬੱਚਿਆਂ ਨਾਲ ਇਹ ਸੱਭ ਵਾਪਰਿਆ ਪਰ ਉਹ ਥਿੜ•ਕੇ ਨਹੀ ਕਿਉਂਕਿ ਉਹਨਾਂ ਨੂੰ ਧਰਮ ਪ੍ਰਤੀ ਦ੍ਰਿੜਤਾ ਅਤੇ ਸੱਚ ਤੇ ਡਟੇ ਰਹਿਣ ਦੀ ਸਿੱਖਿਆ ਪਿਤਾ ਦਸ਼ਮੇਸ਼ ਅਤੇ ਦਾਦੀ ਵੱਲੋਂ ਦਿੱਤੀ ਗਈ ਸੀ । ਉਹਨਾਂ ਸੰਗਤ ਨੂੰ ਸ਼ਹੀਦੀ ਜੋੜ ਮੇਲਾ ਵੈਰਾਗਮਈ ਸ਼ਰਧਾ ਅਤੇ ਸੰਜਮ ਵਿਚ ਰਹਿ ਗਏ ਵਾਹਿਗੁਰੂ ਸਿਮਰਨ ਦਾ ਜਾਪ ਕਰਦਿਆਂ ਮਨਾਉਣ ਲਈ ਵੀ ਪ੍ਰੇਰਨਾ ਕੀਤੀ । ਬਾਬਾ ਜੀ ਤੋਂ ਇਲਾਵਾ ਰਾਗੀ ਢਾਡੀ ਜੱਥਿਆਂ ਵੱਲੋਂ ਵੀ ਸਿੱਖ ਇਤਹਾਸ ਸੁਣਾਇਆ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ।