ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਗਿਆ
ਮਲੋਟ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਹੇਠ ਚੱਲ ਰਹੇ ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਗਿਆ। ਇਸ ਮੌਕੇ ਭਾਈ ਸ਼ਲਿੰਦਰਪਾਲ ਸਿੰਘ ਸ਼ਾਮ ਖੇੜਾ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਵਿਦਿਆਰਥੀਆਂ ਨਾਲ ਗੁਰ ਇਤਿਹਾਸ ਸਾਂਝਾ ਕੀਤਾ ਗਿਆ। ਸਕੂਲ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਅਤੇ ਕਵੀਸ਼ਰੀਆਂ ਰਾਹੀਂ ਹਾਜ਼ਰੀ ਲਗਵਾਈ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਗੁਰਪਾਲ ਸਿੰਘ ਗੋਰਾ, ਸ਼੍ਰੀਮਤੀ ਰਾਜ ਕੌਰ ਸਾਬਕਾ ਸਰਪੰਚ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਇਸ ਮੌਕੇ ਤੇ ਸਕੂਲ ਵੱਲੋਂ ਪਿਛਲੇ ਦਿਨੀਂ ਡਾਇਰੈਕਟੋਰੇਟ ਆਫ ਐਜੂਕੇਸ਼ਨ ਬਹਾਦਰਗੜ੍ਹ ਵੱਲੋਂ ਕਰਵਾਏ ਗਏ ਕਵੀਸ਼ਰੀ ਮੁਕਾਬਲੇ ਕਾਵਿ-ਏ-ਸਿੱਖੀ ਵਿੱਚ 47 ਸਕੂਲਾਂ ਵਿੱਚੋਂ ਚੌਥਾ ਸਥਾਨ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਸੁਰਪ੍ਰੀਤ ਕੌਰ, ਦਮਨਪ੍ਰੀਤ ਕੌਰ ਅਤੇ ਤਕਦੀਰ ਕੌਰ ਨੂੰ ਸਿਰੋਪਾਓ ਅਤੇ ਮੋਮੈਂਟੈ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚੀਆਂ ਦੇ ਮਾਤਾ ਪਿਤਾ ਸ੍ਰ. ਸੁਖਚੈਨ ਸਿੰਘ, ਸ੍ਰ. ਗੁਰਪ੍ਰੀਤ ਸਿੰਘ ਅਤੇ ਸ੍ਰ. ਗੁਰਸਾਹਿਬ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
ਸਕੂਲ ਮੁੱਖੀ ਵੱਲੋਂ ਪਿਛਲੇ ਦਿਨੀਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਕਰਵਾਏ ਕੁਇਜ਼ ਮੁਕਾਬਲੇ, ਕਵਿਤਾ ਉਚਾਰਨ ਮੁਕਾਬਲੇ ਅਤੇ ਭਾਸ਼ਨ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਕਵਿਤਾ ਮੁਕਾਬਲੇ ਵਿੱਚ ਚੌਥਾ ਸਥਾਨ ਪ੍ਰਾਪਤ ਕਰਨ ਲਈ ਮੋਮੈਂਟੈ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਸ੍ਰ. ਕੁਲਦੀਪ ਸਿੰਘ ਵੱਲੋਂ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਉੱਪਰ ਚੱਲਣ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਅਤੇ ਸੰਗੀਤ ਅਧਿਆਪਕਾ ਮੈਡਮ ਹਰਮਿੰਦਰ ਕੌਰ ਦੀ ਪ੍ਰਸੰਸਾ ਕੀਤੀ ਗਈ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ ਗਈ। ਸਕੂਲ ਅਧਿਆਪਕ ਦਵਿੰਦਰ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਬਾਣੀ ਦੇ ਕਾਵਿ ਬੰਦੀ ਬਾਰੇ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ। Author: Malout Live